‘ਦ ਖ਼ਾਲਸ ਬਿਊਰੋ :- ਕੋਰੋਨਾਵਿਰਸ ਦੇ ਇਲਾਜ ਸਬੰਧੀ ਸਰਕਾਰ ਤੇ ਸਿਹਤ ਵਿਭਾਗ ਦੇ ਦਾਅਵਿਆ ਦੇ ਬਾਵਜੂਦ ਹਸਪਤਾਲਾਂ ‘ਚ ਦਾਖ਼ਲ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਪ੍ਰਬੇਧਾਂ ‘ਤੇ ਉਂਗਲ ਚੁੱਕੀ ਜਾ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਦੋਵਾਂ ਹੀ ਤਰ੍ਹਾਂ ਦੇ ਹਸਪਤਾਲਾਂ ਵਿੱਚ ਕੋਵਿਡ ਮਰੀਜ਼ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ। ਮਰੀਜ਼ਾਂ ਦੇ ਰਿਸ਼ਤੇਦਾਰ ਲੁਧਿਆਣਾ ਵਿੱਚ ਖੁੱਲ੍ਹ ਕੇ ਸਾਹਮਣੇ ਆਏ ਹਨ ਤੇ ਸਰਕਾਰੀ ਹਸਪਤਾਲ ਅਤੇ ਲੁਧਿਆਣਾ ਦੇ ਵੱਡੇ ਹਸਪਤਾਲਾਂ ਦੀ ਕਾਰਗੁਜ਼ਾਰੀ ‘ਤੇ ਉਨ੍ਹਾਂ ਸਵਾਲ ਉਠਾਏਂ ਹਨ। ਪਹਿਲਾਂ ਮਾਮਲਾ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਹੋਈ ਕਾਨੂੰਨਗੋਂ ਦੇ ਮੌਤ ਦਾ ਹੈ। ਉਨ੍ਹਾਂ ਦੀ ਧੀ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਪਿਤਾ ਦਾ ਹਸਪਤਾਲ ਵਿੱਚ ਸਹੀ ਇਲਾਜ ਨਹੀਂ ਹੋਇਆ। ਹਸਪਤਾਲ ਵਿੱਚ ਜੇਰੇ ਇਲਾਜ ਉਸ ਦੇ ਪਿਤਾ ਨੂੰ ਕਈ-ਕਈ ਘੰਟੇ ਪਾਣੀ ਨਹੀਂ ਮਿਲਿਆ। ਪਿਤਾ ਨੇ ਧੀ ਨੂੰ ਫੋਨ ‘ਤੇ ਦੱਸਿਆ ਸੀ ਕਿ ਦਵਾਈ ਸਹੀ ਨਹੀਂ ਦਿੱਤੀ ਜਾ ਰਹੀ, ਇੱਥੇ ਤੱਕ ਕਿ ਖਾਣ-ਪੀਣ ਲਈ ਵੀ ਬਹੁਤ ਮੁਸ਼ਕਲ ਆ ਰਹੀ ਸੀ। ਡਾਕਟਰ ਦੂਰੋਂ ਹੀ ਖੜ੍ਹੇ ਹੋ ਕੇ ਹਾਲ ਪੁੱਛਦੇ ਸੀ ਤੇ ਬਾਕੀ ਨਰਸਾਂ ‘ਤੇ ਛੱਡਿਆ ਜਾਂਦਾ ਹੈ। ਨਰਸਿੰਗ ਸਟਾਫ਼ ਵੀ ਦਿਨ ਵਿੱਚ ਇਕ-ਦੋ ਵਾਰ ਹੀ ਆਉਂਦੇ ਹੈ।
ਇੱਕ ਹੋਰ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਮਰੀਜ਼ ਦੇ ਭਰਾ ਸੰਦੀਪ ਨੇ ਦੋਸ਼ ਲਾਏ ਕਿ ਦਾਖਲ ਪਾਜ਼ੀਟਿਵ ਮਰੀਜ਼ਾਂ ਨੂੰ ਸਹੀ ਸਮੇਂ ‘ਤੇ ਖਾਣ-ਪੀਣ ਦਾ ਸਾਮਾਨ ਨਹੀਂ ਮਿਲ ਰਿਹਾ ਹੈ। ਇੱਥੇ ਤੱਕ ਕਿ ਉਨ੍ਹਾਂ ਨੂੰ ਚਾਹ ਲਈ ਵੀ ਕਈ ਵਾਰ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਦੇ ਕੱਪੜਿਆਂ ਦੀ ਗੱਲ ਕਰੀਏ ਤਾਂ ਇੱਕ ਸ਼ਰਟ, ਦੋ ਪੈਂਟਾਂ ਨੂੰ ਮਰੀਜ਼ 15 ਤੋਂ 17 ਦਿਨ ਪਹਿਨ ਰਹੇ ਹਨ। ਸਵੇਰੇ ਕਦੇ ਨਾਸ਼ਤਾ ਮਿਲ ਜਾਂਦਾ ਹੈ।, ਦੁਪਹਿਰ ਅਤੇ ਰਾਤ ਨੂੰ ਖਾਣ-ਪੀਣ ਦਾ ਕੋਈ ਸਮਾਂ ਨਹੀਂ ਹੈ। ਰਾਤ ਦੀ ਰੋਟੀ 11 ਵਜੇ ਤੱਕ ਨਹੀਂ ਮਿਲਦੀ। ਸੰਦੀਪ ਅਨੁਸਾਰ ਰਿਸ਼ਤੇਦਾਰ ਨੂੰ ਆਈਸੋਲੇਸ਼ਨ ਵਾਰਡ ‘ਚ ਭਰਤੀ ਹੋਏ 15 ਦਿਨ ਹੋ ਗਏ ਹਨ।