India Punjab

ਕੀ ਪ੍ਰਿਅੰਕਾ ਗਾਂਧੀ ਸੱਚਮੁੱਚ ‘ਚ ਹੋਏ ਨੇ ਰਿਹਾਅ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):- ਕਾਂਗਰਸ ਲੀਡਰ ਪ੍ਰਿਅੰਕਾ ਗਾਂਧੀ ਨੂੰ ਤਿੰਨ ਦਿਨਾਂ ਤੋਂ ਬਾਅਦ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਉੱਤਰ-ਪ੍ਰਦੇਸ ਦੇ ਸੀਤਾਪੁਰ ਦੇ ਇੱਕ ਗੈਸਟ ਹਾਊਸ ਵਿੱਚ ਰੱਖਿਆ ਗਿਆ ਸੀ। ਇਸ ਮੌਕੇ ਪ੍ਰਿਅੰਕਾ ਗਾਂਧੀ ਨੇ ਕਿਹਾ, “ਮੈਨੂੰ ਇੱਥੇ 60 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ। ਪਹਿਲਾਂ ਮੈਨੂੰ ਸਾਢੇ ਚਾਰ ਵਜੇ ਸਵੇਰੇ ਚਾਰ ਤਰੀਕ ਨੂੰ ਲੈ ਕੇ ਆਏ ਸੀ। ਲਿਆਉਣ ਤੋਂ ਪਹਿਲਾਂ ਮੇਰੇ ਨਾਲ ਧੱਕਾ-ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਧਾਰਾ 151 ਦੇ ਤਹਿਤ ਗ੍ਰਿਫ਼ਤਾਰ ਕਰ ਰਹੇ ਹਾਂ। ਮੈਨੂੰ ਜੀਪ ਵਿੱਚ ਬਿਠਾਇਆ ਤੇ ਇੱਥੇ ਲੈ ਆਏ। ਉਦੋਂ ਤੋਂ ਉਨ੍ਹਾਂ ਨੇ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ, ਕੋਈ ਆਰਡਰ ਨਹੀਂ ਦਿੱਤਾ, ਨਾ ਕੋਈ ਦਸਤਾਵੇਜ਼ ਦਿੱਤਾ ਹੈ, ਕੋਈ ਐੱਫ਼ਆਈਆਰ ਨਹੀਂ ਦਿਖਾਈ।”

ਉਨ੍ਹਾਂ ਕਿਹਾ ਕਿ “ਕੱਲ੍ਹ ਯਾਨਿ 6 ਅਕਤੂਬਰ ਨੂੰ 4-5 ਘੰਟੇ ਪਹਿਲਾਂ ਕੁੱਝ ਅਫ਼ਸਰ ਆਏ, ਸ਼ਾਇਦ ਇੱਥੋਂ ਦੇ ਡੀਐੱਮ ਅਤੇ ਲਖਨਊ ਦੀ ਆਈਜੀ ਆਏ ਅਤੇ ਕਿਹਾ ਕਿ ਤੁਸੀਂ ਆਪਣੀ ਯੋਜਨਾ ਦੱਸੋ। ਮੈਂ ਕਿਹਾ ਕਿ ਮੇਰਾ ਕੀ ਪਲਾਨ ਹੋ ਸਕਦਾ ਹੈ, ਤੁਸੀਂ ਤਾਂ ਮੈਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਤੁਸੀਂ ਮੈਨੂੰ ਆਪਣਾ ਪਲਾਨ ਦੱਸੋ। ਕਹਿਣ ਲੱਗੇ ਤੁਸੀਂ ਲਖੀਮਪੁਰ ਜਾਣਾ ਚਾਹ ਰਹੇ ਸੀ। ਮੈਂ ਹਾਂ ਕਿਹਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਿੱਥੇ ਜਾਣਾ ਚਾਹੁੰਦੇ ਹੋ ਦੱਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਓਥੇ ਜਾਣ ਦੀ ਇਜਾਜ਼ਤ ਮਿਲੇ। ਪਰ ਮੈਂ ਪੁੱਛਿਆ ਕਿ ਤੁਸੀਂ ਮੈਨੂੰ ਕਿਸ ਧਾਰਾ ਤਹਿਤ ਗ੍ਰਿਫ਼ਤਾਰ ਕੀਤਾ ਹੈ। ਫਿਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ।”

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ “ਮੈਨੂੰ ਇਨ੍ਹਾਂ ਨੇ ਪਿਛਲੇ 60-70 ਘੰਟਿਆਂ ਤੋਂ ਗੈਰ-ਕਾਨੂੰਨੀ ਬੰਦ ਕਰਕੇ ਰੱਖਿਆ ਹੈ। ਮੈਂ ਕਿਹਾ ਕਿ ਮੈਂ ਉੱਥੇ ਜਾਣਾ ਚਾਹੁੰਦੀ ਹੈ, ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਹਨ, ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹਾਂ। ਉਨ੍ਹਾਂ ਮੈਨੂੰ ਕਿਹਾ ਕਿ ਪ੍ਰਬੰਧ ਕਰਾਂਗੇ।” ਉਨ੍ਹਾਂ ਕਿਹਾ ਕਿ ” ਮੈਂ ਅੰਡਰ ਅਰੈਸਟ ਹਾਂ ਤੇ ਉਹ ਮੈਨੂੰ ਕੁੱਝ ਪਰਿਵਾਰਾਂ ਨਾਲ ਮਿਲਣ ਲਈ ਬਾਹਰ ਲੈ ਕੇ ਜਾਣਗੇ ਪਰ ਇਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਇਸ ਤੋਂ ਬਾਅਦ ਮੈਂ ਘਰ ਜਾਣ ਲਈ ਆਜ਼ਾਦ ਹਾਂ ਜਾਂ ਨਹੀਂ, ਇਹ ਗੱਲ ਉਨ੍ਹਾਂ ਨੇ ਮੇਰੇ ਨਾਲ ਅਜੇ ਨਹੀਂ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਜੇ ਪਰਿਵਾਰਾਂ ਨਾਲ ਮਿਲਣ ਦੀ ਇਜਾਜ਼ਤ ਦੇ ਰਹੇ ਹਨ ਤਾਂ ਉਸ ਤੋਂ ਬਾਅਦ ਮੈਨੂੰ ਰਿਹਾਅ ਕਰ ਦੇਣਗੇ।”

ਪ੍ਰਿਅੰਕਾ ਗਾਂਧੀ ਨੇ ਭਾਜਪਾ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਭਾਜਪਾ ਸਭ ਤੋਂ ਵੱਧ ਸਿਆਸਤ ਕਰਦੀ ਹੈ। ਉਨ੍ਹਾਂ ਨੇ ਆਪਣੀ ਸਿਆਸਤ ਨੂੰ ਦੂਜਾ ਨਾਮ ਦੇ ਦਿੱਤਾ ਹੈ ਕਿ- ਅਸੀਂ ਰਾਸ਼ਟਰਵਾਦੀ ਹਾਂ। ਕਿਹੜਾ ਰਾਸ਼ਟਰਵਾਦੀ ਕਿਸਾਨਾਂ ਨੂੰ ਇੰਝ ਕੁਚਲਣ ਦੇਵੇਗਾ ਅਤੇ ਉਸ ‘ਤੇ ਕੋਈ ਕਾਰਵਾਈ ਨਹੀਂ ਹੋਵੇਗੀ। ਕਿਹੜਾ ਰਾਸ਼ਟਰਵਾਦੀ ਆਪਣੀ ਸੂਬੇ ਦੀ ਪੂਰੀ ਪੁਲਿਸ ਕੱਢ ਕੇ ਇੱਕ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਪਰ ਇੱਕ ਮੁਲਜ਼ਮ ਨੂੰ ਫੜ੍ਹਣ ਦੀ ਕੋਸ਼ਿਸ਼ ਨਹੀਂ ਕਰੇਗਾ।”

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਕਮਜ਼ੋਰ ਹੈ। ਮੈਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਦੀਆਂ ਪਾਰਟੀਆਂ ਆਪਣੀ-ਆਪਣੀ ਥਾਂ ‘ਤੇ ਵੱਖ-ਵੱਖ ਕੋਸ਼ਿਸ਼ਾਂ ਕਰ ਰਹੀਆਂ ਹਨ। ਕਾਂਗਰਸ ਪਾਰਟੀ ਪੂਰੇ ਦੇਸ਼ ਵਿੱਚ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਸੰਘਰਸ਼ ਕਰ ਰਹੀ ਹੈ। ਅਸੀਂ ਚਾਹੁੰਦੇ ਹਾਂ ਇਸ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ, ਜਿੰਨੇ ਵੀ ਅਪਰਾਧੀ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।”