‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ, ਖ਼ਰਾਬ ਮੌਸਮ, ਫਸਲ ਦੇ ਪੱਕਣ ’ਤੇ ਤੇਲੇ ਦਾ ਹਮਲਾ, ਮਾੜੀਆਂ ਸਰਕਾਰੀ ਨੀਤੀਆਂ, ਲਿਫਟਿੰਗ ਦੇ ਢੰਗ ਤਰੀਕਿਆਂ ਵਿੱਚ ਚਲਦੇ ਭ੍ਰਿਸ਼ਟਾਚਾਰ ਨੇ ਜ਼ਿਲ੍ਹੇ ਅੰਦਰ ਕਣਕ ਦੀ ਆਮਦ ਨੂੰ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਜ਼ਿਲ੍ਹੇ ਵਿੱਚ ਪਹਿਲੀ ਮਈ ਤੱਕ ਕਣਕ ਦੀ ਖ਼ਰੀਦ ਪਿਛਲੇ ਸਾਲ ਦੇ ਮੁਕਾਬਲੇ 33 ਫੀਸਦੀ ਘੱਟ ਹੋਈ ਹੈ। ਪ੍ਰਸ਼ਾਸਨਿਕ ਹਲਕਿਆਂ ਨੇ ਖੁਦ ਹੀ ਸਵੀਕਾਰ ਕੀਤਾ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਬਾਰਦਾਨੇ ਦੀ ਬਹੁਤ ਜ਼ਿਆਦਾ ਘਾਟ ਚਲ ਰਹੀ ਹੈ ਅਤੇ ਇਸ ਮਾਮਲਾ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਦੀ ਇਥੋਂ ਦੀ ਫੇਰੀ ਵਿੱਚ ਵੀ ਉਠਾਇਆ ਗਿਆ ਸੀ ਜਿਸ ਬਾਰੇ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਅੰਦਰ ਪਹਿਲੀ ਮਈ ਤੱਕ ਕਣਕ ਦੀ ਖ਼ਰੀਦ 3,28,780 ਮੀਟਰਿਕ ਟਨ ਹੋਈ ਹੈ ਜੋ ਪਿਛਲੇ ਸਾਲ ਇਸ ਦਿਨ 4,89,766 ਮੀਟਰਿਕ ਟਨ ਹੋਈ ਸੀ। ਕਿਸਾਨ ਨੂੰ ਪਾਸ (ਟੋਕਨ) ਰਾਹੀਂ ਮੰਡੀਆਂ ਅੰਦਰ ਆਉਣ ਦੀ ਨੀਤੀ ਖਿਲਾਫ਼ ਪਹਿਲੇ ਦੌਰ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ‘ਪਾਸ’ ਸਿਸਟਮ ਕਰਕੇ ਹੀ ਖਰੀਦ ਕੀਤੇ ਜਾਣ ਦੇ ਸ਼ੁਰੂ ਵਿੱਚ ਤਰਨ ਤਾਰਨ ਦੀ ਦਾਣਾ ਮੰਡੀ ਵਿੱਚ ਕਣਕ ਦੀ ਆਮਦ ਘੱਟ ਰਹਿੰਦੀ ਰਹੀ ਹੈ। ਇਹ ਨੁਕਸਦਾਰ ਨੀਤੀ ਭਾਵੇਂ ਅੱਜ ਵੀ ਕਿਸਾਨ ਅਤੇ ਆੜ੍ਹਤੀ ਲਈ ਸਿਰਦਰਦੀ ਬਣੀ ਹੋਈ ਹੈ ਪਰ ਸਬੰਧਿਤ ਧਿਰਾਂ ਨੇ ਇਸ ਦਾ ਆਪਸੀ ਸਹਿਮਤੀ ਨਾਲ ਖੁਦ ਹੀ ਹਲ ਲੱਭ ਲਿਆ ਹੈ।
ਮੰਡੀ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰ ਵੇਲੇ ਮੰਡੀ ਦੇ ਗੇਟਾਂ ’ਤੇ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਕਣਕ ਦੀਆਂ ਟਰਾਲੀਆਂ ਲੈ ਕੇ ਦਾਖਲ ਹੋ ਜਾਂਦੇ ਹਨ ਅਤੇ ਉਹ ਆੜ੍ਹਤੀ ਕੋਲ ਆਪਣੀ ਜਿਣਸ ਸੁੱਟ ਕੇ ਚਲੇ ਜਾਂਦੇ ਹਨ। ਇਹ ਵੀ ਹਕੀਕਤ ਹੈ ਕਿ ਮੰਡੀਆਂ ਨਾਲ ਲਗਦੇ ਫੜ੍ਹਾਂ ਅਤੇ ਸ਼ੈਲਰਾਂ (ਆਰਜ਼ੀ ਖਰੀਦ ਕੇਂਦਰਾਂ) ਆਦਿ ’ਚ ਪਾਸ ਦੇ ਬਿਨਾਂ ਵੀ ਖ਼ਰੀਦ ਕਰਵਾਈ ਜਾ ਰਹੀ ਹੈ। ਪੱਟੀ ਦੇ ਆੜ੍ਹਤੀ ਮਹਾਵੀਰ ਸਿੰਘ ਗਿੱਲ ਨੇ ਸਰਕਾਰ ਦੀ ਪਾਸ ਜਾਰੀ ਕਰਨ ਦੀ ਨੀਤੀ ਦੀ ਰੂਪ-ਰੇਖਾ ਉਲੀਕਣ ਵਾਲੇ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤ ਤੋਂ ਅਨਜਾਣ ਆਖਦਿਆਂ ਕਿਹਾ ਕਿ ਆੜ੍ਹਤੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖੇ ਬਿਨਾਂ ਹੀ ਇਹ ਨੀਤੀ ਲਾਗੂ ਕਰਨ ਨਾਲ ਖ਼ਰੀਦ ਸੀਜ਼ਨ ਲਟਕ ਰਿਹਾ ਹੈ ਜਿਸ ਨਾਲ ਕਿਸਾਨ ਨੂੰ ਆਪਣੀ ਵਾਰੀ ਦੀ ਉਡੀਕ ਕਰਨ ਲਈ ਕਣਕ ਦੀ ਸਾਂਭ- ਸੰਭਾਲ ਕਰਨ ਲਈ ਦੋਹਰੀ ਮਿਹਨਤ ਕਰਨੀ ਪਵੇਗੀ। ਰਸੂਲਪੁਰ ਦੇ ਕਿਸਾਨ ਤਜਿੰਦਰਪਾਲ ਸਿੰਘ ਰਾਜੂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਧਿਕਾਰੀਆਂ ਨਾਲ ਸਿੱਧੇ ਮੋਬਾਈਲ ’ਤੇ ਸੰਪਰਕ ਕਰਨ ਲਈ ਕਿਹਾ ਹੈ ਪਰ ਹਕੀਕਤ ਵਿੱਚ ਵਧੇਰੇ ਅਧਿਕਾਰੀ ਮੋਬਾਈਲ ਚੁੱਕਦੇ ਹੀ ਨਹੀਂ ਤੇ ਨਾ ਹੀ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਰਿਹਾ ਹੈ।
ਝਬਾਲ, ਸਰਾਏ ਅਮਾਨਤ ਖਾਂ, ਭਿੱਖੀਵਿੰਡ, ਖਾਲੜਾ, ਖੇਮਕਰਨ, ਵਲਟੋਹਾ, ਰਾਜੋਕੇ, ਵਰਨਾਲਾ, ਹਰੀਕੇ, ਕੈਰੋਂ, ਨੌਸ਼ਹਿਰਾ ਪੰਨੂਆਂ, ਸਰਹਾਲੀ, ਚੋਹਲਾ ਸਾਹਿਬ, ਫਤਿਹਾਬਾਦ, ਗੋਇੰਦਵਾਲ ਸਾਹਿਬ ਆਦਿ ਮੰਡੀਆਂ ਅੰਦਰ ਵੀ ਲਿਫਟਿੰਗ ਸੁਸਤ ਰਫਤਾਰ ਚਲ ਰਹੀ ਹੈ। ਜ਼ਿਲ੍ਹਾ ਮੰਡੀ ਅਧਿਕਾਰੀ ਅਜੈਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਮੰਡੀਆਂ ਤੋਂ ਲਿਫਟਿੰਗ ਦੀ ਸਥਿਤੀ ਬਾਰੇ ਉੱਚ ਅਧਿਕਾਰੀਆਂ ਨੂੰ ਰੋਜ਼ਾਨਾ ਜਾਣਕਾਰੀ ਦਿੱਤੀ ਜਾ ਰਹੀ ਹੈ।