Punjab

ਕਰਫਿਊ ਦੇ ਹਾਲਾਤਾਂ ਨੂੰ ਕਿਵੇਂ ਕਾਬੂ ਕਰ ਰਹੀ ਹੈ ਪੰਜਾਬ ਸਰਕਾਰ ?

ਚੰਡੀਗੜ੍ਹ- ਕੋਵਿਡ-19 ਦੇ ਟਾਕਰੇ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ ਲੌਕਡਾਊਨ ਦੇ ਹਿੱਸੇ ਵਜੋਂ ਸਖ਼ਤ ਪਾਬੰਦੀਆਂ ਅਤੇ ਨਿਯੰਤਰਣ ਦਰਮਿਆਨ ਪੰਜਾਬ ਪੁਲਿਸ ਜਮੈਟੋ, ਸਵਿਗੀ, ਵੇਰਕਾ, ਅਮੁਲ, ਮੰਡੀ ਪ੍ਰਧਾਨਾਂ, ਕੈਮਿਸਟ ਐਸੋਸੀਏਸ਼ਨਾਂ ਆਦਿ ਨਾਲ ਰਣਨੀਤਿਕ ਤਾਲਮੇਲ ਜ਼ਰੀਏ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਰਾਹੀਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਵਾਸਤੇ ਪਹਿਲਕਦਮੀਆਂ ਦੀ ਸ਼ੁਰੂਆਤ ਲਈ ਮਿਸ਼ਨ ਵਜੋਂ ਕੰਮ ਕਰ ਰਹੀ ਹੈ।

ਜ਼ਿਲ੍ਹਾ ਪੁਲਿਸ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਦਵਾਈਆਂ, ਕਰਿਆਨੇ, ਖਾਣ ਪੀਣ ਜਿਹੀਆਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਸ਼ੁਰੂ ਕੀਤੀ ਗਈ ਹੈ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਜ਼ਰੂਰੀ ਚੀਜਾਂ ਦੀ ਸਪਲਾਈ ਲਈ ਅਧਿਕਾਰਤ ਵਿਕਰੇਤਾਵਾਂ ਨੂੰ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਦਵਾਈਆਂ ਦੀ ਹੋਮ ਡਲਿਵਰੀ ਲਈ ਸਬੰਧਤ ਕੈਮਿਸਟ ਐਸੋਸੀਏਸ਼ਨਾਂ ਨਾਲ ਲੋੜੀਂਦਾ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂ ਜੋ ਫੋਨ ‘ਤੇ ਆਰਡਰ ਲੈ ਕੇ ਉਸ ਅਨੁਸਾਰ ਹੋਮ ਡਿਲਿਵਰੀ ਕੀਤੀ ਜਾ ਸਕੇ।

ਡੀਜੀਪੀ ਨੇ ਲੋਕਾਂ ਅਤੇ ਮੀਡੀਆ ਨੂੰ ਥੋੜ੍ਹਾ ਸਬਰ ਦਿਖਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇੰਨੇ ਵੱਡੇ ਪੱਧਰ ‘ਤੇ ਪ੍ਰਬੰਧਾਂ ਨੂੰ ਲਾਗੂ ਕਰਨ ਲਈ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਧਿਆਨ ਵਿੱਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਸੂਚਨਾ ‘ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੱਸਿਆ ਕਿ ਮਦਦ ਲਈ ਟਵੀਟ ਕੀਤੇ ਜਾਣ ਤੋਂ ਬਾਅਦ ਜਲੰਧਰ ਦੇ ਇੱਕ ਪਰਿਵਾਰ ਨੂੰ ਸ਼ੂਗਰ ਦੀਆਂ ਦਵਾਈਆਂ ਦੀ ਡਲਿਵਰੀ ਲਈ ਪ੍ਰਬੰਧ ਕੀਤੇ ਗਏ ਸਨ।

ਗੁਪਤਾ ਨੇ ਕਿਹਾ ਕਿ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਨਾਲ ਉਲੰਘਣਾ ਲਈ ਦਰਜ ਐੱਫ.ਆਈ.ਆਰਜ਼ ਦੀ ਗਿਣਤੀ ਕੱਲ੍ਹ 230 ਦੇ ਮੁਕਾਬਲੇ ਘੱਟ ਕੇ ਅੱਜ 74 ਰਹਿ ਗਈ ਹੈ। ਲੋਕਾਂ ਲਈ ਜ਼ਰੂਰੀ ਚੀਜਾਂ ਅਤੇ ਸੇਵਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਂਦਿਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ 38,468 ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ।

ਕਰਫਿਊ ਦੌਰਾਨ ਲੁਧਿਆਣਾ ਸ਼ਹਿਰ, ਲੁਧਿਆਣਾ ਦਿਹਾਤੀ, ਖੰਨਾ, ਰੋਪੜ, ਸੰਗਰੂਰ, ਪਟਿਆਲਾ, ਜਲੰਧਰ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਐੱਸ ਬੀ ਐੱਸ ਨਗਰ, ਮਾਨਸਾ ਅਤੇ ਫਿਰੋਜ਼ਪੁਰ ਤੋਂ ਉਲੰਘਣਾ ਦੇ ਮਾਮਲੇ ਰਿਪੋਰਟ ਕੀਤੇ ਗਏ ਹਨ। ਕੁੱਝ ਅਲੱਗ ਢੰਗ ਅਪਣਾਉਣ ਸਬੰਧੀ ਡੀਜੀਪੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਕਈ ਜਿਲ੍ਹਿਆਂ ਵਿੱਚ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਵੱਖ-ਵੱਖ ਢੰਗ ਅਪਣਾ ਰਹੇ ਹਨ ਤਾਂ ਕਿ ਜ਼ਰੂਰੀ ਵਸਤਾਂ ਨੂੰ ਨਾਗਰਿਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ। ਡੀਜੀਪੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੀ ਘੋਸ਼ਣਾ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿਆਪੀ ਲਾਕਡਾਊਨ ਤੋਂ ਤੁਰੰਤ ਬਾਅਦ ਉੱਚ ਅਧਿਕਾਰੀਆਂ ਨੂੰ ਕੁੱਝ ਹਦਾਇਤਾਂ ਜਾਰੀ ਕੀਤੀਆਂ ਸਨ।

ਉਨ੍ਹਾਂ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਜ਼ਰੂਰੀ ਸਮਾਨ ਅਤੇ ਸੇਵਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਡਲਿਵਰੀ ਵਾਲੇ ਲੜਕਿਆਂ, ਰੇਹੜੀਆਂ, ਛੋਟੇ ਵਾਹਨਾਂ ਆਦਿ ਦੀ ਸਹੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਕਿਹਾ।

ਅੰਮ੍ਰਿਤਸਰ ਅਤੇ ਲੁਧਿਆਣਾ ਸ਼ਹਿਰਾਂ ਵਿੱਚ, ਸਵਿੱਗੀ ਤੋਂ 650 ਵਿਅਕਤੀ ਲੋੜੀਂਦੀਆਂ ਚੀਜਾਂ ਦੀ ਘਰੇਲੂ ਸਪੁਰਦਗੀ ਵਿੱਚ ਜੁਟੇ ਹੋਏ ਹਨ, ਜਦੋਂ ਕਿ ਜ਼ਿਲ੍ਹਾ ਪਟਿਆਲਾ ਵਿੱਚ ਜੋਮੈਟੋ ਅਤੇ ਸਵਿੱਗੀ ਦੇ ਡਲਿਵਰੀ ਵਾਲੇ ਲੜਕਿਆਂ ਨਾਲ ਤਾਲਮੇਲ ਕਰਕੇ ਜ਼ਰੂਰੀ ਵਸਤਾਂ ਦੀ ਹੋਮ ਡਿਲਿਵਰੀ ਯਕੀਨੀ ਬਣਾਈ ਜਾ ਰਹੀ ਹੈ।

ਡੀਜੀਪੀ ਨੇ ਕਿਹਾ ਕਿ ਸਥਾਨਕ ਵਲੰਟੀਅਰਾਂ ਦੇ ਸਹਿਯੋਗ ਨਾਲ ਅੱਜ ਸੰਗਰੂਰ ਜ਼ਿਲ੍ਹਾ ਵਿੱਚ ਲੋੜੀਂਦੀਆਂ ਵਸਤਾਂ ਦੀਆਂ ਲਗਭਗ 100 ਟਰਾਲੀਆਂ ਭੇਜੀਆਂ ਗਈਆਂ। ਡੀਜੀਪੀ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਵੇਰਕਾ ਅਤੇ ਅਮੁਲ ਵਰਗੀਆਂ ਦੁੱਧ ਉਤਪਾਦਨ ਕਰਨ ਵਾਲੀਆਂ ਇਕਾਈਆਂ ਨੂੰ ਉਚਿਤ ਦੂਰੀ ਅਤੇ ਸਵਧਾਨੀ ਉਪਾਅ ਦੀ ਵਰਤੋਂ ਕਰਦੇ ਹੋਏ ਦੁੱਧ ਦੀ ਵਿਕੇਂਦਰੀਕ੍ਰਿਤ ਵੰਡ ਨੂੰ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।

ਗੁਪਤਾ ਨੇ ਕਿਹਾ ਕਿ ਮਿਲਕ ਪਲਾਂਟ ਵੇਰਕਾ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ 700 ਵਿਕਰੇਤਾ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰਨਗੇ ਅਤੇ ਇਸ ਸਬੰਧੀ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਜ਼ਰੂਰੀ ਪਾਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਵਿੱਚ ਫਲਾਂ ਅਤੇ ਸਬਜੀਆਂ ਲਈ, ਸਬਜੀ ਮੰਡੀ ਦੇ ਵਪਾਰੀ ਆਗੂਆਂ (ਪ੍ਰਧਾਨ) ਨਾਲ ਸੰਪਰਕ ਬਣਾਇਆ ਗਿਆ ਹੈ। ਨਤੀਜੇ ਵਜੋਂ, ਮੰਡੀ ਦੇ ਤਕਰੀਬਨ 200 ਵਿਕਰੇਤਾ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਹਰੇਕ ਕਲੋਨੀ ਤੇ ਖੇਤਰ ਦੇ ਵਸਨੀਕਾਂ ਨੂੰ ਘਰ-ਘਰ ਜਾ ਕੇ ਸਬਜੀਆਂ ਮੁਹੱਈਆ ਕਰਵਾਉਣਗੇ। ਇਸੇ ਤਰ੍ਹਾਂ ਮੰਡੀ ਦੇ ਪ੍ਰਧਾਨ ਨੇ ਭਰੋਸਾ ਦਿੱਤਾ ਹੈ ਕਿ ਘਰ-ਘਰ ਜਾ ਕੇ ਫਲਾਂ ਦੀ ਸਪਲਾਈ ਕਰਨ ਲਈ ਲਗਭਗ 100 ਵਿਕਰੇਤਾ ਨਿਯੁਕਤ ਕੀਤੇ ਜਾਣਗੇ।

ਖੰਨਾ ਜ਼ਿਲ੍ਹਾ ਵਿੱਚ ਸਬਜੀਆਂ ਅਤੇ ਫਲਾਂ ਨੂੰ ਮੰਡੀਆਂ ਤੋਂ ਲੈ ਕੇ, ਰੇਹੜੀਆਂ ਦੁਆਰਾ ਘਰ-ਘਰ ਜਾ ਕੇ ਵੇਚਿਆ ਜਾ ਰਿਹਾ ਹੈ। ਸੁੱਕੇ ਰਾਸ਼ਨਾਂ ਲਈ ਕਰਿਆਨੇ ਸਟੋਰਾਂ ਨਾਲ ਜ਼ਰੂਰੀ ਮੇਲ-ਜੋਲ ਬਣਾਇਆ ਗਿਆ ਹੈ ਅਤੇ ਉਹ ਫੋਨ ‘ਤੇ ਆਰਡਰ ਵੀ ਲੈ ਰਹੇ ਹਨ ਅਤੇ ਰਾਸ਼ਨ ਘਰ ਪਹੰਚਾਉਣਾ ਵੀ ਯਕੀਨੀ ਬਣਾ ਰਹੇ ਹਨ। ਹੋਮ ਡਲਿਵਰੀ ਸੇਵਾਵਾਂ ਦੀ ਉਪਲਬੱਧਤਾ ਬਾਰੇ ਜਾਣਕਾਰੀ ਵਟਸਐਪ ਗਰੁੱਪਾਂ ਰਾਹੀਂ ਦਿੱਤੀ ਜਾ ਰਹੀ ਹੈ।

ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਵਿੱਚ, ਸੁੱਕੇ ਰਾਸ਼ਨਾਂ ਲਈ ਕਰਿਆਨਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨਾਂ ਨਾਲ ਇੱਕ ਮੀਟਿੰਗ ਕੀਤੀ ਗਈ। ਹਰ ਮੁਹੱਲੇ ਅਤੇ ਇਲਾਕੇ ਵਿੱਚ ਉਹਨਾਂ ਨੂੰ ਫੋਨ ‘ਤੇ ਆਪਣੇ ਆਰਡਰ ਇਕੱਤਰ ਕਰਨ ਅਤੇ ਸ਼ਾਮ ਦੇ 5 ਵਜੇ ਤੱਕ ਸਾਰੇ ਆਰਡਰ ਤਿਆਰ ਰੱਖਣ ਲਈ ਕਿਹਾ ਗਿਆ।

ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਕੁੱਝ ਖੇਤਰਾਂ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਜ਼ਰੂਰੀ ਵਸਤਾਂ ਅਤੇ ਐੱਲਪੀਜੀ ਦੀ ਘਾਟ ਆਦਿ ਨਸ਼ਾ ਛੁਡਾਊ ਕਾਰਡਾਂ ਵਾਲੇ ਵਿਅਕਤੀਆਂ ਵੱਲੋਂ ਰੋਜ਼ਾਨਾ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਦਵਾਈਆਂ ਦੀ ਮੰਗ ਕਰਨਾ, ਕਣਕ ਬੀਜਣ ਵਾਲੇ ਕਿਸਾਨਾਂ ਵੱਲੋਂ ਕੀਟਨਾਸ਼ਕਾਂ ਦੀਆਂ ਦੁਕਾਨਾਂ ਖੋਲਣ ਦਾ ਦਬਾਅ, ਆਲੂ ਉਤਪਾਦਕਾਂ ਵੱਲੋਂ ਆਪਣੀ ਫਸਲ ਦੀ ਹੋਰਨਾਂ ਰਾਜਾਂ ਵਿੱਚ ਸੁਰੱਖਿਅਤ ਸਪਲਾਈ ਲਈ ਆਵਾਜਾਈ ਦੀ ਮੰਗ ਸਮੇਤ ਕਈ ਹੋਰ ਮੁਸ਼ਕਲਾਂ ਸ਼ਾਮਲ ਹਨ।

ਡੀਜੀਪੀ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਖੁਦ ਆਪਣੇ ਜਿਲ੍ਹਿਆਂ ਵਿੱਚ ਇਨ੍ਹਾਂ ਮਸਲਿਆਂ ਦੇ ਹੱਲ ਲਈ ਵੱਖ ਵੱਖ ਢੰਗ ਸੁਝਾਏ ਹਨ। ਕੁੱਝ ਮਹੱਤਵਪੂਰਣ ਸੁਝਾਵਾਂ ਵਿੱਚ ਐਨ.ਸੀ.ਸੀ. ਵਾਲੰਟੀਅਰਾਂ, ਪ੍ਰਾਈਵੇਟ / ਰਿਟਾਇਰਡ ਡਾਕਟਰਾਂ ਅਤੇ ਨਰਸਾਂ ਦੀਆਂ ਸਿਹਤ ਸੇਵਾਵਾਂ ਵਿੱਚ ਵਾਧਾ ਕਰਨਾ, ਸਰਵਜਨਕ ਐਡਰੈੱਸ ਸਿਸਟਮ ਦੀ ਵਰਤੋਂ ਨਾਲ ਲੋਕਾਂ ਨੂੰ ਡਿਲਿਵਰੀ ਦੇ ਕਾਰਜਕ੍ਰਮ ਆਦਿ ਬਾਰੇ ਜਾਗਰੂਕ ਕਰਨਾ, ਪ੍ਰਚੂਨ ਵਿਕਰੇਤਾਵਾਂ ਨੂੰ ਸਪਲਾਈ ਲਈ ਸੈਨੇਟਾਈਜ਼ਰ ਅਤੇ ਮਾਸਕ ਦੇ ਥੋਕ ਵਿਕਰੇਤਾਵਾਂ ਨੂੰ ਨਿਰਧਾਰਤ ਸਮੇਂ ‘ਤੇ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣਾ, ਨਵੇਂ ਜਨਮੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਦੀਆਂ ਬਿਮਾਰੀਆਂ ਦੀ ਰੁਟੀਨ ਜਾਂਚ ਲਈ ਪ੍ਰਾਈਵੇਟ ਡਾਕਟਰਾਂ ਨੂੰ ਆਗਿਆ ਦੇਣਾ, ਅਫਵਾਹਾਂ ਨਾਲ ਨਜਿੱਠਣ ਲਈ, ਵਿਕਰੇਤਾ ਸੂਚੀ ਦੇ ਵਿਸਥਾਰ ਤੇ ਅਪਡੇਟ ਲਈ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਜਾਂਚ ਲਈ ਲੋਕ ਸੰਪਰਕ ਵਿਭਾਗ ਵੱਲੋਂ ਚੁੱਕੇ ਗਏ ਸਖ਼ਤ ਕਦਮ ਸ਼ਾਮਲ ਹਨ।