‘ਦ ਖ਼ਾਲਸ ਬਿਊਰੋ:- ਅੱਜ ਆਜ਼ਾਦੀ ਦਿਹਾੜੇ ਮੌਕੇ ਰਾਜ ਅਤੇ ਕੇਂਦਰੀ ਪੁਲਿਸ ਬਲਾਂ ਨੂੰ ਬਹਾਦਰੀ, ਵਧੀਆ ਸੇਵਾਵਾਂ ਅਤੇ ਮੈਰੀਟੋਰੀਅਸ ਸੇਵਾ ਮੈਡਲਾਂ ਲਈ ਕੁੱਲ 926 ਮੈਡਲ ਦਿੱਤੇ ਗਏ ਹਨ। 2008 ’ਚ ਰਾਜਧਾਨੀ ਦਿੱਲੀ ’ਚ ਬਟਾਲਾ ਹਾਊਸ ਮੁਕਾਬਲੇ ’ਚ ਸ਼ਹੀਦ ਹੋਏ ਦਿੱਲੀ ਪੁਲਿਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਨੂੰ ਮਰਨ ਉਪਰੰਤ ਸੱਤਵੀਂ ਵਾਰ ਬਹਾਦਰੀ ਮੈਡਲ ਦਿੱਤਾ ਗਿਆ ਹੈ।
ਇਨ੍ਹਾਂ ਬਹਾਦਰੀ ਪੁਰਸਕਾਰਾਂ ’ਚ ਸੀਆਰਪੀਐੱਫ ਦੇ ਸਹਾਇਕ ਕਮਾਂਡੈਂਟ ਨਰੇਸ਼ ਕੁਮਾਰ ਦਾ ਵੀ ਨਾਮ ਸ਼ਾਮਲ ਹੈ, ਜਿਨ੍ਹਾਂ ਨੂੰ ਕਸ਼ਮੀਰ ਵਾਦੀ ’ਚ ਅਤੱਵਾਦ ਵਿਰੋਧੀ ਕਾਰਵਾਈਆਂ ਲਈ ਸੱਤਵੀਂ ਵਾਰ ਬਹਾਦਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਸ ਵਾਰ ਕਿਸੇ ਨੂੰ ਵੀ ਰਾਸ਼ਟਰਪਤੀ ਪੁਲਿਸ ਮੈਡਲ ਨਹੀਂ ਮਿਲਿਆ ਹੈ। ਇਸ ਵਾਰ ਬੀਐੱਸਐੱਫ ਦੇ ਕਮਾਂਡੈਂਟ ਵਿਨੈ ਪ੍ਰਸਾਦ ਨੂੰ ਮਰਨ ਉਪਰੰਤ ਬਹਾਦਰੀ ਮੈਡਲ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਪ੍ਰਸਾਦ ਸ਼ਹੀਦ ਹੋ ਗੇਏ ਸਨ। ਇਸ ਹਾਦਸੇ ਸਮੇਂ ਉਹ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ’ਚ ਗਸ਼ਤ ’ਤੇ ਸਨ।
ਚਾਰ ਸੈਨਿਕਾਂ ਨੂੰ ਮਿਲਿਆ ਸ਼ੌਰਿਆ ਚੱਕਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਜ਼ਾਦੀ ਦਿਹਾੜੇ ਮੌਕੇ ਥਲ ਸੈਨਾ ਦੇ ਤਿੰਨ ਜਵਾਨਾਂ ਸਮੇਤ ਚਾਰ ਸੈਨਿਕਾਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਵਿਸ਼ਾਕ ਨਾਇਰ, ਥਲ ਸੈਨਾ ਦੇ ਲੈਫ਼ਟੀਨੈਂਟ ਕਰਨਲ ਕ੍ਰਿਸ਼ਨ ਸਿੰਘ ਰਾਵਤ, ਮੇਜਰ ਅਨਿਲ ਉਰਸ ਅਤੇ ਹੌਲਦਾਰ ਆਲੋਕ ਕੁਮਾਰ ਦੂਬੇ ਨੂੰ ਸ਼ੌਰਿਆ ਚੱਕਰ ਨਾਲ ਨਿਵਾਜਿਆ ਗਿਆ ਹੈ।
ਲੈਫ਼ਟੀਨੈਂਟ ਕਰਨਲ ਰਾਵਤ ਦੀ ਅਗਵਾਈ ਹੇਠ ਫ਼ੌਜੀਆਂ ਨੇ ਕੰਟਰੋਲ ਰੇਖਾ ’ਤੇ ਦਹਿਸ਼ਤਗਰਦਾਂ ਨੂੰ ਮਾਰ ਕੇ ਉਨ੍ਹਾਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਸੀ। ਉਨ੍ਹਾਂ ਦੋ ਦਹਿਸ਼ਤਗਰਦਾਂ ਨੂੰ ਮਾਰਿਆ ਸੀ। ਮੇਜਰ ਉਰਸ ਨੇ ਵੀ ਕੰਟਰੋਲ ਰੇਖਾ ’ਤੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਦੀ ਟੀਮ ਨੇ 15 ਮਿੰਟ ਦੀ ਉਡੀਕ ਮਗਰੋਂ ਦੋ ਹੋਰ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਸੀ।
ਸੰਘਣੇ ਜੰਗਲ ’ਚ ਬੈਠੇ ਦਹਿਸ਼ਤਗਰਦਾਂ ਨੇ ਖ਼ਰਾਬ ਮੌਸਮ ਦਾ ਲਾਹਾ ਲੈ ਕੇ ਭੱਜਣ ਦਾ ਯਤਨ ਕੀਤਾ ਪਰ ਹੌਲਦਾਰ ਦੂਬੇ ਅੱਗੇ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਰਹੀ। ਉਨ੍ਹਾਂ ਇੱਕ ਦਹਿਸ਼ਤਗਰਦ ਨੂੰ ਮਾਰ ਦਿੱਤਾ ਜੋ ਏ ਪਲੱਸ ਪਲੱਸ ਕੈਟੇਗਰੀ ਦਾ ਖ਼ਤਰਨਾਕ ਦਹਿਸ਼ਤਗਰਦ ਸੀ।
ਰਾਸ਼ਟਰਪਤੀ ਨੇ ਥਲ ਸੈਨਾ ਦੇ 60 ਜਵਾਨਾਂ ਨੂੰ ਸੈਨਾ ਮੈਡਲ, ਨੇਵੀ ਦੇ ਚਾਰ ਜਵਾਨਾਂ ਨੂੰ ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਦੇ ਪੰਜ ਜਵਾਨਾਂ ਨੂੰ ਵਾਯੂ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਅਪਰੇਸ਼ਨ ਮੇਘਦੂਤ ਅਤੇ ਅਪਰੇਸ਼ਨ ਰਕਸ਼ਕ ਲਈ 19 ਜਵਾਨਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਨਮਾਨ ਦਿੱਤਾ ਗਿਆ। ਇਨ੍ਹਾਂ ’ਚ ਅੱਠ ਜਵਾਨਾਂ ਨੂੰ ਮਰਨ ਉਪਰੰਤ ਇਹ ਸਨਮਾਨ ਦਿੱਤਾ ਗਿਆ।
ਚੀਨੀ ਫ਼ੌਜ ਨਾਲ ਟਾਕਰਾ ਲੈਣ ਵਾਲੇ 294 ਜਵਾਨਾਂ ਨੂੰ ਪ੍ਰਸ਼ੰਸਾ ਪੱਤਰ
ਲੱਦਾਖ ’ਚ ਚੀਨੀ ਫ਼ੌਜ ਨਾਲ ਝੜਪਾਂ ਦੌਰਾਨ ਬਹਾਦਰੀ ਦਿਖਾਉਣ ਵਾਲੇ ਆਈਟੀਬੀਪੀ ਦੇ 294 ਜਵਾਨਾਂ ਨੂੰ ਡਾਇਰੈਕਟਰ ਜਨਰਲ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਆ ਗਿਆ ਹੈ। ਆਈਟੀਬੀਪੀ ਨੇ ਇਲਾਕੇ ’ਚ ਤਾਇਨਾਤ 21 ਜਵਾਨਾਂ ਨੂੰ ਬਹਾਦਰੀ ਮੈਡਲ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਆਈਟੀਬੀਪੀ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਜਵਾਨਾਂ ਨੇ ਦੀਵਾਰ ਬਣਾ ਕੇ ਨਾ ਸਿਰਫ਼ ਆਪਣੀ ਰਾਖੀ ਕੀਤੀ ਸਗੋਂ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਅਤੇ ਹਾਲਾਤ ਨੂੰ ਕਾਬੂ ਹੇਠ ਲਿਆਂਦਾ।
ਉਨ੍ਹਾਂ ਕਿਹਾ ਕਿ ਆਈਟੀਬੀਪੀ ਦੇ ਜਵਾਨ ਪੂਰੀ ਰਾਤ ਇਲਾਕੇ ’ਚ ਲੜਦੇ ਰਹੇ। ਆਈਟੀਬੀਪੀ ਦੇ 318 ਜਵਾਨਾਂ ਦੇ ਨਾਮ ਕੇਂਦਰੀ ਗ੍ਰਹਿ ਮੰਤਰੀ ਦੇ ਵਿਸ਼ੇਸ਼ ਮੈਡਲ ਲਈ ਵੀ ਭੇਜੇ ਗਏ ਸਨ। ਆਈਟੀਬੀਪੀ ਨੇ ਕੋਰੋਨਾਵਾਇਰਸ ਖਿਲਾਫ਼ ਜੰਗ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਵੱਲੋਂ 10 ਹਜ਼ਾਰ ਬਿਸਤਰਿਆਂ ਵਾਲਾ ਹਸਪਤਾਲ ਚਲਾਇਆ ਜਾ ਰਿਹਾ ਹੈ।