‘ਦ ਖ਼ਾਲਸ ਬਿਊਰੋ :- ਪੰਜਾਬ ਦੀ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨੰਬਰ ਵਨ ਵਾਅਦਾ-ਖ਼ਿਲਾਫ਼ੀ ਤੇ ਦਲਿਤ ਵਿਰੋਧੀ ਦਾ ਖ਼ਿਤਾਬ ਦਿੱਤਾ ਹੈ। ‘ਆਪ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਨੇ ਹੁਣ ਫੇਰ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪਾ ਕੇ ਵੋਟ ਬੈਂਕ ਦੀ ਗੰਦੀ ਰਾਜਨੀਤੀ ਲਈ ਨਵੀਂ ‘ਪੋਸਟ ਮੈਟ੍ਰਿਕ ਸਕਾਲਰਸ਼ਿਪ’ ਸਕੀਮ ਦਾ ਐਲਾਨ ਕਰ ਦਿੱਤਾ ਹੈ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ, “ਅੱਜ ਕੈਪਟਨ ਅਮਰਿੰਦਰ ਸਿੰਘ ਦਲਿਤਾਂ ਦੇ ਹੱਕਾਂ ਦੇ ਰਾਖੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸ਼ਾਇਦ ਕੈਪਟਨ ਭੁੱਲ ਗਏ ਹਨ ਕਿ ਅਜੇ ਵੀ ਪੰਜਾਬ ਦੇ ਦਲਿਤ ਵਰਗਾਂ ਸਮੇਤ ਹਰ ਵਰਗ ਨੂੰ ਚੰਗੀ ਤਰਾਂ ਯਾਦ ਹੈ ਕਿ ਤੁਸੀਂ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਂਦੇ ਹੋਏ ‘ਕਲੀਨ ਚਿੱਟ’ ਦੇ ਦਿੱਤੀ, ਜਿਸ ਕਾਰਨ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਆ ਗਿਆ ਹੈ।”
ਚੀਮਾ ਨੇ ਕਿਹਾ ਕਿ “ਕੈਪਟਨ ਅਮਰਿੰਦਰ ਦਲਿਤ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਇਹ ਬਿਆਨ ਦੇ ਰਹੇ ਹਨ ਕਿ ਕੇਂਦਰ ਸਰਕਾਰ ਨੇ ਦਲਿਤ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਸਕੀਮ ਨੂੰ ਬੰਦ ਕਰ ਦਿੱਤਾ ਹੈ, ਜਦਕਿ ਸਚਾਈ ਇਹ ਹੈ ਕਿ ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਪੰਜਾਬ ਸਰਕਾਰ ਨੂੰ ਦਿੱਤਾ ਸੀ, ਪਰ ਘੋਟਾਲੇਬਾਜ ਕਾਂਗਰਸ ਦੀ ਪੰਜਾਬ ਸਰਕਾਰ ਨੇ ਉਸ ਪੈਸੇ ਨੂੰ ਆਪਣੇ ਨਿੱਜੀ ਕਾਰਜਾਂ ਲਈ ਇਸਤੇਮਾਲ ਕਰ ਲਿਆ।”
ਉਨ੍ਹਾਂ ਕਿਹਾ ਕਿ, “ਜਦੋਂ ਤੋਂ ਸੂਬੇ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਦਲਿਤ ਵਿਦਿਆਰਥੀ ਦੁੱਖ ਭੋਗ ਰਹੇ ਹਨ। ਕਾਂਗਰਸ ਦੇ ਰਾਜ ਕਾਲ ਦੌਰਾਨ ਦਲਿਤ ਵਿਦਿਆਰਥੀਆਂ ਦੇ ਕਾਲਜਾਂ ਵਿੱਚ ਦਾਖ਼ਲਿਆਂ ਦੀ ਸੰਖਿਆ ਘੱਟ ਕੇ 1.50 ਲੱਖ ਰਹਿ ਗਈ ਹੈ।”