ਚੰਡੀਗੜ੍ਹ:- ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਾਈਮਜ਼ ਨਾਓ ਸੰਮੇਲਨ ਵਿਚ ਕਿਹਾ ਸੀ ਕਿ ਉਹ ਸ਼ਾਹੀਨ ਬਾਗ ਦੇ ਮੁਜ਼ਾਹਰਾਕਾਰੀਆਂ ਸਮੇਤ ਕਿਸੇ ਨਾਲ ਵੀ ਗੱਲਬਾਤ ਕਰਨ ਲਈ ਤਿਆਰ ਹਨ।
ਉਨ੍ਹਾਂ ਇਸ ਸਮਾਗਮ ਵਿਚ ਕਿਹਾ, “ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ਾਹੀਨ ਬਾਗ ਦੇ ਮੁਜ਼ਾਹਰਾਕਾਰੀਆਂ ਨੂੰ ਮੇਰੇ ਦਫ਼ਤਰ ਤੋਂ ਸਮਾਂ ਮੰਗਣਾ ਚਾਹੀਦਾ ਹੈ। ਤਿੰਨ ਦਿਨਾਂ ਦੇ ਅੰਦਰ ਮੈਂ ਸਮਾਂ ਦੇਵਾਂਗਾ। ਮੈਂ ਕਿਹਾ ਹੈ ਕਿ ਮੈਂ ਕਿਸੇ ਨੂੰ ਵੀ ਮਿਲ ਸਕਦਾ ਹਾਂ ਪਰ ਗੱਲਬਾਤ ਨਹੀਂ ਕਰਨਾ ਚਾਹੁੰਦਾ।”
ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਚੱਲ ਰਹੇ ਸ਼ਾਹੀਨ ਬਾਗ ਦੇ ਇਸ ਧਰਨਾ ਪ੍ਰਦਰਸ਼ਨ ਵਿੱਚ ਹਾਲੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਹੀਂ ਪਹੁੰਚੇ। ਜਿਸ ਤੋਂ ਬਾਅਦ ਹੁਣ ਪ੍ਰਦਰਸ਼ਨਕਾਰੀ ਔਰਤਾਂ ਵੱਲੋਂ ਸ਼ਨੀਵਾਰ ਨੂੰ ਅਰਜੀ ਦੇ ਕੇ ਅਮਿਤ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਕੱਢਣ ਲਈ ਪ੍ਰਸ਼ਾਸਨ ਤੋਂ ਆਗਿਆ ਮੰਗੀ ਸੀ। ਇਹ ਮਾਰਚ ਐਤਵਾਰ ਦੁਪਹਿਰ 2 ਵਜੇ ਦੇ ਕਰੀਬ ਸ਼ੁਰੂ ਹੋਣਾ ਸੀ। 5000 ਔਰਤਾਂ ਨੇ ਇਸ ਮਾਰਚ ਵਿੱਚ ਸ਼ਾਮਲ ਹੋਣਾ ਸੀ। ਐਤਵਾਰ ਦੁਪਹਿਰ ਨੂੰ, ਉਹ ਰੋਸ ਮੁਜ਼ਾਹਰੇ ਵਾਲੀ ਥਾਂ ‘ਤੇ ਗੱਡੇ ਗਏ ਅਸਥਾਈ ਤੰਬੂਆਂ ਵਿੱਚ ਇਕੱਠੇ ਹੋਏ ਸਨ, ਜਿਸ ਨੂੰ ਵਾਲੰਟੀਅਰਾਂ ਦੀ ਇੱਕ ਟੀਮ ਨੇ ਸੰਭਾਲਿਆ ਹੋਇਆ ਸੀ। ਇਕ ਆਦਮੀ ਔਰਤਾਂ ਨੂੰ ਤਿਰੰਗੇ ਵੰਡ ਰਿਹਾ ਸੀ। ਉਸੇ ਸਮੇਂ, ਇੱਕ ਮਹਿਲਾ ਕਨਵੀਨਰ ਪਲੇਟਫਾਰਮ ਤੋਂ ਕਹਿ ਰਹੀ ਸੀ ਕਿ ਬਜ਼ੁਰਗ ਔਰਤਾਂ ਨੂੰ ਮਾਰਚ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ।
36 ਸਾਲਾ ਮਰੀਅਮ ਖ਼ਾਨ ਨੇ ਆਪਣਾ ਦੁਪੱਟਾ ਹਰੇ, ਭਗਵਾ ਅਤੇ ਚਿੱਟੇ ਰੰਗ ਵਿੱਚ ਰੰਗਿਆ ਸੀ, ਉਸਦੇ ਹੱਥ ਦੀਆਂ ਚੂੜੀਆਂ ਵੀ ਇਸੇ ਹੀ ਅੰਦਾਜ਼ ‘ਚ ਸਨ। ਆਪਣੇ ਹੱਥਾਂ ਵਿੱਚ ਤਿਰੰਗਾ ਫੜਦਿਆਂ ਉਨ੍ਹਾਂ ਕਿਹਾ ਕਿ ਉਹ ਮਾਰਚ ਵਿੱਚ ਸ਼ਾਮਲ ਹੋਣ ਤੋਂ ਨਹੀਂ ਡਰਦੇ।
ਪੁਲਿਸ ਪ੍ਰਸ਼ਾਸਨ ਨੇ ਮਾਰਚ ਕੱਢਣ ਦੀ ਨਹੀਂ ਦਿੱਤੀ ਇਜਾਜ਼ਤ
ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਆਰ ਕੇ ਮੀਣਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਉਨ੍ਹਾਂ ਦੀ ਅਰਜ਼ੀ ਸਿਰਫ਼ ਇਕ ਦਿਨ ਪਹਿਲਾਂ ਪ੍ਰਾਪਤ ਹੋਈ ਹੈ। ਇੰਨੇ ਘੱਟ ਸਮੇਂ ਵਿਚ ਇਸ ਦੀ ਆਗਿਆ ਦੇਣਾ ਸੰਭਵ ਨਹੀਂ ਹੈ ਕਿਉਂਕਿ ਇਸ ਵਿਚ ਦੋ ਹੋਰ ਜ਼ਿਲ੍ਹੇ ਵੀ ਸ਼ਾਮਲ ਹਨ।
ਮੀਣਾ ਦੇ ਅਨੁਸਾਰ ਬਿਨੈ ਪੱਤਰ ਦਿੱਲੀ ਪੁਲਿਸ ਹੈਡਕੁਆਰਟਰ ਅਤੇ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਹੈ। ਮੀਣਾ ਨੇ ਇਹ ਵੀ ਦੱਸਿਆ ਕਿ ਪੁਲਿਸ ਭੀੜ ਨੂੰ ਸ਼ਾਂਤਮਈ ਢੰਗ ਨਾਲ ਹਟਾਉਣ ਦੀ ਕੋਸ਼ਿਸ਼ ਕਰੇਗੀ।
ਹਾਲਾਂਕਿ ਪੁਲਿਸ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ। ਇੱਥੋਂ ਤੱਕ ਕਿ ਅੱਥਰੂ ਗੈਸ ਦੇ ਗੋਲਿਆਂ ਦਾ ਪ੍ਰਬੰਧ ਵੀ ਪੁਲਿਸ ਵੱਲੋਂ ਕੀਤਾ ਗਿਆ।
ਉਥੇ ਮੌਜੂਦ ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਉਹ ਇਨ੍ਹਾਂ ਅੱਥਰੂ ਗੈਸਾਂ ਦਾ ਪਿਆਰ ਨਾਲ ਸਾਹਮਣਾ ਕਰਨਗੇ। ਹਾਲਾਂਕਿ, ਇਹ ਲੋਕ ਉਨ੍ਹਾਂ ਮੁੱਦਿਆਂ ‘ਤੇ ਨਹੀਂ ਬੋਲ ਰਹੇ ਸਨ ਜੋ ਉਨ੍ਹਾਂ ਦੇ ਅਨੁਸਾਰ ਮਹੱਤਵਪੂਰਨ ਨਹੀਂ ਸਨ।
ਵਾਪਸ ਮੁੜੀਆਂ ਪ੍ਰਦਰਸ਼ਨਕਾਰੀ ਔਰਤਾਂ
ਜਦੋਂ ਪ੍ਰਦਰਸ਼ਨਕਾਰੀ ਔਰਤਾਂ ਨੂੰ ਵੱਡੀ ਗਿਣਤੀ ਵਿਚ ਲੱਗੇ ਪੁਲਿਸ ਬੈਰੀਕੇਡਾਂ ਕਰਕੇ ਆਪਣੇ ਧਰਨੇ ਵਾਲੀ ਥਾਂ ‘ਤੇ ਵਾਪਸ ਪਰਤਣਾ ਪਿਆ, ਤਾਂ ਇਨ੍ਹਾਂ ਲੋਕਾਂ ਨੇ ਅਸਮਾਨ ਵਿਚ 1111 ਲਾਲ ਗੁਬਾਰੇ ਉਡਾਏ, ਜਿਨ੍ਹਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਸੁਨੇਹੇ ਲਿਖੇ ਗਏ। ਜਦੋਂ ਇਹਨਾਂ ਗੁਬਾਰਿਆਂ ਨੂੰ ਉਡਾਇਆ ਗਿਆ, ਤਾਂ ਸ਼ਾਹੀਨ ਬਾਗ ਦੀਆਂ ਮੁਜ਼ਾਹਰਾਕਾਰੀ ਔਰਤਾਂ ਵੱਲੋਂ ਨਾਅਰੇ ਲਗਾਉਂਦਿਆ ਕਿਹਾ ਜਾ ਰਿਹਾ ਸੀ ਕਿ ‘ਗ੍ਰਹਿ ਮੰਤਰੀ ਕਦੋਂ ਮਿਲੋਗੇ’।
ਨੂਰੂਨਿਸਾ ਨੇ ਕਿਹਾ, “ਅਸੀਂ ਕੁਝ ਗਲਤ ਨਹੀਂ ਕਰ ਰਹੇ। ਅਸੀਂ ਪਹਿਲਾਂ ਆਗਿਆ ਲੈਣੀ ਚਾਹੁੰਦੇ ਹਾਂ। ਉਨ੍ਹਾਂ ਨੇ ਸਾਨੂੰ ਮਿਲਣ ਲਈ ਕਿਹਾ ਹੈ। ਅਸੀਂ ਤਾਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਰਹੇ ਹਾਂ।”
ਇਕ ਔਰਤ ਨੇ ਸਮਾਗਮ ਵਾਲੀ ਥਾਂ ‘ਤੇ ਵਾਪਸ ਆਉਂਦਿਆਂ ਕਿਹਾ, “ਸਾਨੂੰ ਪਤਾ ਹੈ ਕਿ ਉਹ ਸਾਨੂੰ ਭੜਕਾਉਣਾ ਚਾਹੁੰਦੇ ਹਨ। ਅਸੀਂ ਇੱਥੇ ਦੰਗੇ ਕਰਨ ਨਹੀਂ ਆਏ। ਅਸੀਂ ਇੱਥੇ ਇਹ ਦਰਸਾਉਣ ਲਈ ਆਏ ਹਾਂ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਇਹ ਜਾਣਦੇ ਹੋਏ ਵੀ ਕਿ ਸਾਨੂੰ ਮਾਰਚ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ”।
ਕੀ ਹੋਵੇਗੀ ਅਗਲੀ ਕਾਰਵਾਈ
ਸੁਪਰੀਮ ਕੋਰਟ ਨੇ ਪਿਛਲੇ ਸੋਮਵਾਰ ਨੂੰ ਕਿਹਾ ਸੀ, “ਤੁਸੀਂ ਜਨਤਕ ਸੜਕਾਂ ਨੂੰ ਬੰਦ ਨਹੀਂ ਕਰ ਸਕਦੇ। ਅਜਿਹੇ ਖੇਤਰਾਂ ਵਿੱਚ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਨਹੀਂ ਹੋ ਸਕਦੇ। ਜੇਕਰ ਤੁਸੀਂ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਰੋਧ ਕਰਨ ਵਾਲੀ ਜਗ੍ਹਾ ਦੀ ਪਛਾਣ ਕਰਨੀ ਪਵੇਗੀ।” ਇਸ ਮਾਮਲੇ ਵਿਚ ਅਗਲੀ ਸੁਣਵਾਈ 17 ਫਰਵਰੀ ਨੂੰ ਹੋਵੇਗੀ।
15 ਦਸੰਬਰ ਤੋਂ ਸਰਦੀ ਤੇ ਮੀਂਹ ਦੀ ਪਰਵਾਹ ਕੀਤੇ ਬਿਨਾਂ ਇਹ ਔਰਤਾਂ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਪਰ ਹਾਲੇ ਤੱਕ ਇਸਦਾ ਕੋਈ ਵੀ ਸਥਾਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ।