ਬਠਿੰਡਾ : ਕਿਸਾਨ ਅੱਜ ਮਰਹੂਮ ਕਿਸਾਨ ਸ਼ੁਭਕਰਨ ਦੀ ਬਰਸੀ ਮਨਾ ਰਹੇ ਹਨ। ਇਸ ਮੌਕੇ ‘ਤੇ, ਸ਼ੁਭਕਰਨ ਦੇ ਜੱਦੀ ਪਿੰਡ ਬੱਲੋਂ (ਬਠਿੰਡਾ) ਸਮੇਤ ਤਿੰਨ ਸਰਹੱਦਾਂ ਸ਼ੰਭੂ, ਖਨੌਰੀ ਅਤੇ ਰਤਨਪੁਰ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਪਿੰਡ ਬੱਲੋਂ ਵਿੱਚ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਕੀਰਤਨ ਨਾਲ ਰਾਗੀ ਸਿੰਘਾਂ ਨੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸਥਾਪਿਤ ਸ਼ੁਭਕਰਨ ਦੀ ਮੂਰਤੀ ਦਾ ਉਦਘਾਟਨ ਵੀ ਕੀਤਾ ਗਿਆ। ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਪਰਦਾ ਚੁੱਕਿਆ ਅਤੇ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਕਿਸਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿੰਡ ਵਿੱਚ ਯਾਦਗਾਰ ਸਥਾਪਿਤ ਪਰਿਵਾਰ ਵੱਲੋਂ ਖ਼ੁਦ ਕੀਤੀ ਗਈ ਹੈ ਅਤੇ ਅੱਜ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਪਰਿਵਾਰ ਨਾਲ ਬਰਸੀ ਮੌਕੇ ਦੁੱਖ ਸਾਂਝਾ ਕਰਨ ਨਹੀਂ ਪਹੁੰਚਿਆ।
ਇਸ ਮੌਕੇ ਭਾਰੀ ਗਿਣਤੀ ਵਿੱਚ ਲੋਕਾਂ ਨੇ ਹਾਜਰੀ ਭਰੀ। ਸ਼ੁਭਕਰਨ ਦੀ ਬਰਸੀ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ , ਕਿਸਾਨ ਆਗੂ ਅਭਿਮਨਿਊ ਕੋਹਾੜ ਸਮੇਤ ਕਈ ਕਿਸਾਨ ਆਗੂਆਂ ਨੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਦੂਜਾ ਪਾਸੇ ਖਨੌਰੀ ਬਾਰਡਰ ਵਿਖੇ ਵੀ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਬੱਲੋ ਪਹਿਲੇ ਸ਼ਹੀਦੀ ਸਮਾਗਮ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਜਲੀ ਦੇ ਫੁੱਲ ਭੇਂਟ ਕੀਤੇ। ਦੱਸ ਦਈਏ ਕਿ ਸ਼ੁਭਕਰਨ ਦੀ ਪਿਛਲੇ ਸਾਲ ਹਰਿਆਣਾ ਪੁਲਿਸ ਨਾਲ ਝੜਪ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।