Punjab

ਅੰਮ੍ਰਿਤਸਰ ਦੇ ਇਸ ਹਸਪਤਾਲ ਨੇ ਲਗਾਏ ਪ੍ਰਸ਼ਾਸ਼ਨ ‘ਤੇ ਗੰਭੀਰ ਇਲਜ਼ਾਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਅੱਜ ਸਵੇਰੇ ਕਥਿਤ ਤੌਰ ‘ਤੇ ਆਕਸੀਜਨ ਦੀ ਘਾਟ ਕਾਰਨ ਛੇ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਪੰਜ ਮਰੀਜ਼ਾਂ ਨੂੰ ਕੋਰੋਨਾ ਸੀ। ਬੀਬੀਸੀ ਦੀ ਰਿਪੋਰਟ ਮੁਤਾਬਿਕ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਦੇ ਅਧਿਕਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ। ਨੀਲਕੰਠ ਹਸਪਤਾਲ ਦੇ ਐਮਡੀ ਸੁਨੀਲ ਦੇਵਗਨ ਦੇ ਅਨੁਸਾਰ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨ, ਨੋਡਲ ਅਫਸਰ ਅਤੇ ਆਕਸੀਜਨ ਦੀ ਸਪਲਾਈ ਕਰਨ ਵਾਲਿਆਂ ਤੋਂ ਆਕਸੀਜਨ ਦੀ ਮੰਗ ਕੀਤੀ ਜਾ ਰਹੀ ਸੀ।

ਉਨ੍ਹਾਂ ਕਿਹਾ ਕਿ ਆਪਣੇ ਪੱਧਰ ‘ਤੇ ਆਪਣੇ ਜਾਣਕਾਰਾਂ ਤੋਂ ਕੁਝ ਸਿਲੰਡਰ ਮੰਗ ਕੇ ਗੁਜ਼ਾਰਾ ਕੀਤਾ। ਪਰ ਜਦੋਂ ਸਾਨੂੰ ਹੋਰ ਆਕਸੀਜਨ ਨਹੀਂ ਮਿਲੀ ਤਾਂ ਮਰੀਜ਼ਾਂ ਨੂੰ ਕਿਹਾ ਕਿ ਉਹ ਕਿਸੇ ਹੋਰ ਹਸਪਤਾਲ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 50 ਸਿਲੰਡਰਾਂ ਦੀ ਲੋੜ ਹੈ, ਪਰ ਹਾਲੇ ਤੱਕ ਉਨ੍ਹਾਂ ਨੂੰ ਪੰਜ ਹੀ ਦਿੱਤੇ ਗਏ ਹਨ। ਹਸਪਤਾਲ ਵਿੱਚ ਇਸ ਵੇਲੇ ਕੋਰੋਨਾ ਨਾਲ ਪੀੜਿਤ 12 ਮਰੀਜ਼ ਭਰਤੀ ਹਨ। ਉਨ੍ਹਾਂ ਨੇ ਇਹ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ ਨਿੱਜੀ ਹਸਪਤਾਲਾਂ ਨੂੰ ਆਕਸੀਜਨ ਸਿਲੰਡਰ ਨਹੀਂ ਦਿੱਤੇ ਜਾਣਗੇ।

ਉੱਧਰ, ਅੰਮ੍ਰਿਤਸਰ ਦੇ ਅਸਿਸਟੈਂਟ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦਾ ਕਹਿਣਾ ਹੈ ਕਿ ਹਸਪਤਾਲ ਨੇ ਉਨ੍ਹਾਂ ਨੂੰ ਆਕਸੀਜਨ ਦੀ ਕਮੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ, ਜੇ ਉਨ੍ਹਾਂ ਨੇ ਇਸ ਬਾਰੇ ਦੱਸਿਆ ਹੁੰਦਾ ਤਾਂ ਅਸੀਂ ਆਕਸੀਜਨ ਦਾ ਜ਼ਰੂਰ ਪ੍ਰਬੰਧ ਕੀਤਾ ਜਾਂਦਾ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਉੱਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਦੀ ਘਾਟ ਕਾਰਨ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਹੋਈਆਂ 6 ਦੀ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕੈਪਟਨ ਦੇ ਹੁਕਮਾਂ ਮੁਤਾਬਿਕ ਇਸ ਜਾਂਚ ਲਈ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।