ਚੰਡੀਗੜ੍ਹ-(ਪੁਨੀਤ ਕੌਰ) ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕੋਰੋਨਾਵਾਇਰਸ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਇਟਲੀ ਤੋਂ ਪਰਤੇ ਦੋ ਪੰਜਾਬੀ ਵਿਅਕਤੀ ਕੋਰੋਨਾਵਾਇਰਸ ਤੋਂ ਸ਼ੱਕੀ ਪਾਏ ਗਏ ਹਨ। ਇਨ੍ਹਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਮਰੀਜ਼ਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਪੰਜਾਬੀਆਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ਅਤੇ ਡਾਕਟਰਾਂ ਦੀ ਪੂਰੀ ਟੀਮ ਇਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਇਹ ਦੋਵੇਂ ਵਿਅਕਤੀ ਆਪਸ ਵਿੱਚ ਪਿਉ-ਪੁੱਤਰ ਹਨ ਅਤੇ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਹਨ।
ਇਹ ਦੋਵੇਂ ਪੰਜਾਬੀ ਹਾਲ ਹੀ ਵਿੱਚ ਇਟਲੀ ਤੋਂ 3 ਮਾਰਚ ਨੂੰ ਦਿੱਲੀ ਪਹੁੰਚੇ ਸੀ ਅਤੇ ਉਸ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇਨ੍ਹਾਂ ਦੀ ਸ਼ੁਰੂਆਤੀ ਜਾਂਚ ਕੀਤੀ ਗਈ ਜੋ ਪਾਜ਼ੀਟਿਵ ਪਾਈ ਗਈ ਸੀ। ਇਸ ਤੋਂ ਬਾਅਦ ਫਾਈਨਲ ਜਾਂਚ ਲਈ ਇਨ੍ਹਾਂ ਦੇ ਬਲੱਡ ਸੈਂਪਲ ਪੂਨੇ ਲੈਬ ਭੇਜ ਦਿੱਤੇ ਗਏ ਹਨ। ਜੇ ਅਗਲੇਰੇ ਟੈਸਟ ਵੀ ਪਾਜ਼ੀਟਿਵ ਰਹੇ, ਤਾਂ ਇਹ ਪੰਜਾਬ ’ਚ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਹੋਣਗੇ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਹੈ ਕਿ ਹਾਲੇ ਇਨ੍ਹਾਂ ਦੋਵੇਂ ਮਰੀਜ਼ਾਂ ਦੇ ਕੋਰੋਨਾਵਾਇਰਸ ਦੀ ਲਾਗ ਤੋਂ ਪੀੜ੍ਹਤ ਹੋਣ ਦੀ ਪੁਸ਼ਟੀ ਲਈ ਦੂਜਾ ਟੈਸਟ ਵੀ ਕੀਤਾ ਜਾ ਰਿਹਾ ਹੈ, ਜਿਸ ਦੀ ਰਿਪੋਰਟ ਅੱਜ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ।