ਚੰਡੀਗੜ੍ਹ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਅੱਜ ਸੋਮਵਾਰ ਨੂੰ ਹੀ ਆਗਰਾ ਪੁੱਜਣਗੇ ਤੇ ਤਾਜ ਮਹਿਲ ਵੇਖਣ ਤੋਂ ਬਾਅਦ ਪੂਰਬੀ ਗੇਟ ਲਾਗੇ ਸਥਿਤ ਹੋਟਲ ਅਮਰ ਵਿਲਾਸ ਜਾਣਗੇ। ਉਨ੍ਹਾਂ ਲਈ ਇਸ ਹੋਟਲ ’ਚ ਕੋਹਿਨੂਰ ਸੁਇਟ ਰਾਖਵਾਂ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਹੋਟਲ ਦੀ ਕੋਹਿਨੂਰ ਸੁਇਟਸ ਵਾਲੀ ਮੰਜ਼ਿਲ ’ਤੇ ਹੀ ਹੋਰ ਕਮਰੇ ਵੀ ਅਮਰੀਕੀ ਵਫ਼ਦ ਲਈ ਰਾਖਵੇਂ ਰੱਖੇ ਗਏ ਹਨ। ਟਰੰਪ ਕੋਹਿਨੂਰ ਸੁਇਟ ਤੋਂ ਵੀ ਤਾਜ ਦਾ ਦੀਦਾਰ ਕਰ ਸਕਦੇ ਹਨ। ਹੋਟਲ ‘ਦਿ ਓਬਰਾਏ’, ਅਮਰ ਵਿਲਾਸ 7–ਸਟਾਰ ਸ਼੍ਰੇਣੀ ਦੇ ਹੋਟਲਾਂ ਵਿੱਚ ਸ਼ਾਮਲ ਹਨ।
ਕੋਹਿਨੂਰ ਸੁਇਟ ਦਾ ਰੋਜ਼ਾਨਾ ਦਾ ਕਿਰਾਇਆ 11 ਲੱਖ ਰੁਪਏ ਹੈ। ਕੋਹਿਨੂਰ ਸੁਇਟ3,500 ਵਰਗ ਫ਼ੁੱਟ ਹੈ। ਇਸ ਵਿੱਚ ਇੱਕ ਬੈੱਡਰੂਮ, ਇੱਕ ਡਾਈਨਿੰਗ ਰੂਮ ਤੋਂ ਇਲਾਵਾ ਕਿਚਨ, ਬਾਥਰੂਮ ਤੇ ਸ਼ਾਵਰ ਦਾ ਏਰੀਆ ਵੀ ਹੈ। ਕੋਹਿਨੂਰ ਸੁਇਟ5ਵੀਂ ਮੰਜ਼ਿਲ ’ਤੇ ਹੈ, ਜਿੱਥੋਂ ਤਾਜ ਮਹੱਲ ਦਿਸਦਾ ਹੈ। ਟਰੰਪ ਤੇ ਉਨ੍ਹਾਂ ਦੀ ਪਤਨੀ ਲਈ ਅਮਰੀਕੀ ਭੋਜਨ ਦੇ ਨਾਲ–ਨਾਲ ਹਿੰਦੁਸਤਾਨੀ ਖਾਣੇ ਵੀ ਸ਼ਾਮਲ ਕੀਤੇ ਗਏ ਹਨ।
ਇੱਥੋਂ ਦੇ ਕੋਹਿਨੂਰ ਸੁਇਟ ਨੂੰ ਹਨੀਮੂਨ ਸੁਇਟ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਤੇ ਉਨ੍ਹਾਂ ਦੀ ਪਤਨੀ ਕਾਰਲਾ ਬਰੂਨੀ ਵੀ ਠਹਿਰ ਚੁੱਕੇ ਹਨ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਤੇ ਉਨ੍ਹਾਂ ਦੀ ਪਤਨੀ ਸਬਾ ਮੁਸ਼ੱਰਫ਼ ਵੀ ਇੱਥੇ ਠਹਿਰ ਚੁੱਕੇ ਹਨ।