ਚੰਡੀਗੜ੍ਹ -( ਪੁਨੀਤ ਕੌਰ) ਅਮਰੀਕਾ ਵਿੱਚ ਸਿੱਖ-ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ। ਅਮਰੀਕੀ ਹਵਾਈ ਫੌਜ ਨੇ ਸਿੱਖ ਤੇ ਮੁਸਲਿਮ ਭਾਈਚਾਰੇ ਲਈ ਡ੍ਰੈਸ ਕੋਡ ਬਦਲਣ ਦਾ ਫੈਸਲਾ ਲਿਆ ਹੈ। ਹੁਣ ਸਿੱਖ ਦਸਤਾਰ ਬੰਨ੍ਹ ਕੇ ਤੇ ਦਾੜ੍ਹੀ ਰੱਖ ਕੇ ਅਮਰੀਕੀ ਹਵਾਈ ਫੌਜ ‘ਚ ਆਪਣੀਆਂ ਸੇਵਾਵਾਂ ਦੇ ਸਕਦੇ ਹਨ। ਸਿੱਖ ਭਾਈਚਾਰਾ ਹੁਣ ਆਪਣੀ ਪਛਾਣ ਦੇ ਨਾਲ-ਨਾਲ ਅਮਰੀਕਾ ਵਿੱਚ ਅਜਾਦੀ ਨਾਲ ਵਿਚਰ ਸਕਦੇ ਹਨ। ਮੁਸਲਿਮ ਭਾਈਚਾਰੇ ਦੇ ਲੋਕ ਵੀ ਹਿਜਾਬ ਪਾ ਕੇ ਡਿਊਟੀ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਅਮਰੀਕੀ ਹਵਾਈ ਫੌਜ ‘ਚ ਤੈਨਾਤ ਸਿੱਖਾਂ ਤੇ ਮੁਸਲਮਾਨਾਂ ਨੂੰ ਵੱਖਰੇ ਤੌਰ ‘ਤੇ ਧਾਰਮਿਕ ਰਿਹਾਇਸ਼ਾਂ ਲਈ ਬੇਨਤੀ ਕਰਨੀ ਪੈਂਦੀ ਸੀ। ਜਿਸਦੀ ਪ੍ਰਵਾਨਗੀ ਪ੍ਰਕਿਰਿਆ ਕਾਫੀ ਲੰਮੀ ਹੁੰਦੀ ਸੀ। ਮੁਸਲਿਮ-ਸਿੱਖ ਗੱਠਜੋੜ ਨੇ ਅਮਰੀਕੀ ਫੌਜ ਨੂੰ ਧਾਰਮਿਕ ਘੱਟ-ਗਿਣਤੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੇ ਪਾਬੰਦੀ ਦੇ ਡਿਊਟੀ ਕਰਨ ਦੀ ਮੰਗ ਕੀਤੀ ਸੀ। ਹੁਣ ਅਮਰੀਕੀ ਫੌਜ ‘ਚ ਡਿਊਟੀ ਕਰਨ ਵਾਲੇ ਸਿੱਖ-ਮੁਸਲਿਮ ਫੌਜੀ ਹਰੇਕ ਸ਼ਾਖਾ ਵਿੱਚ ਸਹੂਲਤਾਂ ਦੀ ਮੰਗ ਕਰ ਸਕਦੇ ਹਨ।
ਬੀਤੇ ਕੁੱਝ ਸਮੇਂ ਤੋਂ ਅਮਰੀਕਾ ਵਿੱਚ ਦਸਤਾਰਧਾਰੀ ਅਫ਼ਸਰ ਸੁਰਖੀਆਂ ‘ਚ ਹਨ। ਬੀਤੇ ਸਾਲ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਸ਼ਹਾਦਤ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਧਾਲੀਵਾਲ ਨੂੰ ਸ਼ਰਧਾਂਜਲੀ ਦੇਣ ਲਈ ਜਿੱਥੇ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ, ਉੱਥੇ ਹੀ ਕਈ ਵਿਭਾਗਾਂ ਵਿੱਚ ਦਸਤਾਰ ਬੰਨਣ ਦੀ ਪਾਬੰਦੀ ਹਟਾਉਣ ਲਈ ਡ੍ਰੈਸ ਕੋਡ ਵੀ ਬਦਲੇ ਗਏ। ਏਅਰ-ਫੋਰਸ ਵੱਲੋਂ ਬਰਾਬਰਤਾ ਅਤੇ ਧਾਰਮਿਕ ਅਜਾਦੀ ਨੂੰ ਯਕੀਨੀ ਬਨਾਉਣ ਲਈ ਚੁੱਕਿਆ ਗਿਆ ਇਹ ਇੱਕ ਵੱਡਾ ਕਦਮ ਹੈ।