‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਚੀਨ, ਰੂਸ ਤੇ ਪਾਕਿਸਤਾਨ ਨੇ ਆਪਣੇ ਕਾਬੁਲ ਵਿੱਚ ਦੂਤਘਰ ਖੋਲ੍ਹੇ ਹੋਏ ਹਨ। ਅਫਗਾਨਿਸਤਾਨ ਵਿੱਚ ਚੀਨੀ ਰਾਜਦੂਤ ਵਾਂਗ ਯੂ ਨੇ ਤਾਲਿਬਾਨ ਦੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਸੀ। ਚੀਨ ਨੇ ਇਹ ਜਨਤਕ ਤੌਰ ਉੱਤੇ ਕਿਹਾ ਸੀ ਕਿ ਉਹ ਤਾਲਿਬਾਨ ਨਾਲ ਦੋਸਤਾਨਾਂ ਸੰਬੰਧ ਬਣਾਉਣਾ ਚਾਹੁੰਦਾ ਹੈ।ਅਲਜਜੀਰਾ ਦੇ ਹਵਾਲੇ ਨਾਲ ਰੂਸ ਦੀ ਇਕ ਸਮਾਚਾਰ ਏਜੰਸੀ ਨੇ ਰਾਜਦੂਤ ਨੂੰ ਇਕ ਪ੍ਰੈੱਸ ਕਾਨਫਰੰਸ ਵਿੱਚ ਸਵਾਲ ਕੀਤਾ ਸੀ ਕਿ ਤਾਲਿਬਾਨ ਨੇ ਪੰਜਸ਼ੀਰ ਸੂਬੇ ਵਿੱਚ ਹਮਲਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਸਦੇ ਜਵਾਬ ਵਿਚ ਉਨ੍ਹਾਂ ਕਿਹਾ ਸੀ ਕਿ ਚੀਨ ਇਸ ਗੱਲ ਦੀ ਉਮੀਦ ਕਰਦਾ ਹੈ ਕਿ ਅਫਗਾਨਿਸਤਾਨ ਵਿੱਚ ਸਥਿਰਤਾ ਆਵੇ ਤੇ ਬਿਨਾਂ ਦੇਰੀ ਸ਼ਾਂਤੀ ਸਥਾਪਿਤ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਨੇੜਲੇ ਭਵਿੱਖ ਵਿੱਚ ਬੇਲਟ ਐਂਡ ਰੋਡ ਇਨੀਸ਼ੀਏਟਿਵ ਤਹਿਤ ਅਫਗਾਨਿਸਤਾਨ ਦੇ ਨਾਲ ਸਹਿਯੋਗ ਕਰੇਗਾ।ਉਨ੍ਹਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਚੀਨ ਦਾ ਚੰਗਾ ਗੁਆਂਢੀ ਹੈ।