Punjab

ਗੁਰਦਾਸਪੁਰ ਵਿੱਚ ਵੱਡੀ ਵਾਰਦਾਤ! ਜਵੈਲਰ ਦੇ ਘਰ 3 ਕਰੋੜ ਦੀ ਵੱਡੀ ਲੁੱਟ

ਬਿਊਰੋ ਰਿਪੋਰਟ (5 ਮਾਰਚ, 2026): ਗੁਰਦਾਸਪੁਰ ਦੇ ਜੇਲ੍ਹ ਰੋਡ ਸਥਿਤ 5 ਨੰਬਰ ਸਕੀਮ ਇਲਾਕੇ ਵਿੱਚ ਅੱਜ ਸਵੇਰੇ ਕਰੀਬ 8 ਵਜੇ ਹਥਿਆਰਬੰਦ ਲੁਟੇਰਿਆਂ ਨੇ ਜਵੈਲਰ ਵਰੁਣ ਮਹਾਜਨ ਦੇ ਘਰ ਨੂੰ ਨਿਸ਼ਾਨਾ ਬਣਾਇਆ। ਲੁਟੇਰੇ ਘਰ ਵਿੱਚੋਂ ਕਰੀਬ 3 ਕਰੋੜ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ ਹਨ।

ਵਰੁਣ ਮਹਾਜਨ ਦੀ ਪਤਨੀ ਨੇਹਾ ਮਹਾਜਨ ਅਨੁਸਾਰ, ਜਦੋਂ ਉਨ੍ਹਾਂ ਦਾ ਡਰਾਈਵਰ ਸਰਬਜੀਤ ਸਿੰਘ ਸਵੇਰੇ ਗੱਡੀਆਂ ਸਾਫ਼ ਕਰ ਰਿਹਾ ਸੀ, ਤਾਂ ਨਿਹੰਗ ਸਿੰਘਾਂ ਦੇ ਭੇਸ ਵਿੱਚ ਪੰਜ ਵਿਅਕਤੀ ਆਏ। ਉਨ੍ਹਾਂ ਨੇ ਡਰਾਈਵਰ ਰਾਹੀਂ ਘਰ ਅੰਦਰ ਪ੍ਰਵੇਸ਼ ਕੀਤਾ। ਅੰਦਰ ਵੜਦਿਆਂ ਹੀ ਬਦਮਾਸ਼ਾਂ ਨੇ ਪਰਿਵਾਰ ’ਤੇ ਪਿਸਤੌਲ ਤਾਣ ਦਿੱਤੀ ਅਤੇ ਸਾਰੇ ਮੈਂਬਰਾਂ ਨੂੰ ਬੰਧਕ ਬਣਾ ਲਿਆ।

ਲੁਟੇਰਿਆਂ ਨੇ ਪਰਿਵਾਰ ਨੂੰ ਡਰਾਉਣ ਲਈ ਅਜੀਬ ਬਹਾਨਾ ਵਰਤਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਗੁਰੂਆਂ ਬਾਰੇ ਕੋਈ ਗ਼ਲਤ ਪੋਸਟ ਪਾਈ ਹੈ। ਇਸੇ ਦੌਰਾਨ ਦੋ ਲੁਟੇਰਿਆਂ ਨੇ ਨੇਹਾ ਮਹਾਜਨ ਦੇ ਸਿਰ ’ਤੇ ਪਿਸਤੌਲ ਰੱਖ ਦਿੱਤੀ ਅਤੇ ਘਰ ਦੀ ਫਰੋਲਾ-ਫਰਾਲੀ ਕਰਕੇ ਵੱਡੀ ਰਕਮ ਲੈ ਕੇ ਚੰਪਤ ਹੋ ਗਏ।

ਸੂਚਨਾ ਮਿਲਦੇ ਹੀ ਗੁਰਦਾਸਪੁਰ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ। ਦਿਨ-ਦਿਹਾੜੇ ਹੋਈ ਇਸ ਵੱਡੀ ਵਾਰਦਾਤ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।