Punjab

ਹੁਸ਼ਿਆਰਪੁਰ ‘ਚ ਨਾਮੀ ਗੈਂਗਸਟਰ ਹਲਾਕ

ਚੰਡੀਗੜ੍ਹ- (ਪੁਨੀਤ ਕੌਰ) ਹੁਸ਼ਿਆਰਪੁਰ ਵਿੱਚ ਪੁਲਿਸ ਐਨਕਾਊਂਟਰ ‘ਚ ਵਰਿੰਦਰ ਸਿੰਘ ਸ਼ੂਟਰ ਨਾਮ ਦਾ ਇੱਕ ਬਦਮਾਸ਼ ਢੇਰ ਹੋ ਗਿਆ ਹੈ। ਇਸ ਮੁਠਭੇੜ ਵਿੱਚ ਇੱਕ ਬਦਮਾਸ਼ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਇੱਕ ਹੋਰ ਬਦਮਾਸ਼ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਇਹ ਘਟਨਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਵਿੱਚ ਦੇਰ ਰਾਤ ਕਰੀਬ 12 ਵਜੇ ਵਾਪਰੀ।

ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਤਿੰਨ ਨੌਜਵਾਨ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਵਿੱਚ ਇੱਕ ਟਿਊਬਵੈੱਲ ‘ਤੇ ਸ਼ੱਕੀ ਹਾਲਾਤਾਂ ਵਿੱਚ ਰਹਿ ਰਹੇ ਹਨ। ਖ਼ਬਰ ਮਿਲਣ ‘ਤੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੀ ਪੁਲਿਸ ਨੇ ਸਾਂਝਾ ਆਪਰੇਸ਼ਨ ਕੀਤਾ ਅਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਘੇਰਾ ਪਾਇਆ ਤਾਂ ਇਨ੍ਹਾਂ ਨੌਜਵਾਨਾਂ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਇਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਇੱਕ ਗੈਂਗਸਟਰ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੇ ਇਨ੍ਹਾਂ ਨੌਜਵਾਨਾਂ ਦੇ ਇੱਥੇ ਆਉਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਗੈਂਗਸਟਰ ਮਨਦੀਪ ਸਿੰਘ ਮੰਨਾ ਨੂਰਮਹਿਲ ਦਾ ਰਹਿਣ ਵਾਲਾ ਹੈ।