ਚੰਡੀਗੜ੍ਹ- ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਲਈ ਹਰ ਤਰ੍ਹਾਂ ਦੇ ਸੇਵਿੰਗ ਅਕਾਊਂਟ ‘ਤੇ ਹਰ ਮਹੀਨੇ ਘੱਟ ਤੋਂ ਘੱਟ ਬੈਲੇਂਸ ਰੱਖਣ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਹੈ। ਐੱਸਬੀਆਈ ਨੇ ਵੱਖ ਵੱਖ ਸਮੇਂ ਦੀਆਂ ਮਿਆਦੀ ਜਮ੍ਹਾਂ (“““`ਐੱਫਡੀ) ਅਤੇ ਫੰਡਾਂ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰਾਂ (ਐੱਮਸੀਐੱਲਆਰ) ’ਚ ਕਟੌਤੀ ਦਾ ਐਲਾਨ ਕੀਤਾ ਹੈ। ਸਟੇਟ ਬੈਂਕ ਆਫ਼ ਇੰਡੀਆ ਦੇ ਗਾਹਕਾਂ ਲਈ ਇਹ ਵੱਡੀ ਖੁਸ਼ਖਬਰੀ ਹੈ। ਐੱਸਬੀਆਈ ਦੇ ਇਸ ਫੈਸਲੇ ਨਾਲ 44.51 ਕਰੋੜ ਗਾਹਕਾਂ ਨੂੰ ਫਾਇਦਾ ਹੋਵੇਗਾ।  ਹੁਣ ਤੱਕ ਐੱਸਬੀਆਈ ਦੇ ਖਾਤਾਧਾਰਕਾਂ ਲਈ ਸੇਵਿੰਗ ਅਕਾਊਂਟ ‘ਚ ਹਰ ਮਹੀਨੇ ਤੈਅ ਰਕਮ ਰੱਖਣਾ ਜ਼ਰੂਰੀ ਹੁੰਦਾ ਸੀ। ਅਜਿਹਾ ਨਾ ਹੋਣ ‘ਤੇ ਬੈਂਕ ਵੱਲੋਂ ਗਾਹਕਾਂ ਤੋਂ ਪੈਨਲਟੀ ਦੇ ਤੌਰ ‘ਤੇ 5 ਤੋਂ 15 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕੱਟੇ ਜਾਂਦੇ ਸੀ। ਇਸ ਦੇ ਨਾਲ ਹੀ ਐੱਸਬੀਆਈ ਨੇ ਸਾਰੇ ਬਚਤ ਖਾਤਿਆਂ ‘ਤੇ ਵਿਆਜ ਦਰ ਸਮਾਨ ਰੂਪ ਤੋਂ ਤਿੰਨ ਫੀਸਦ ਸਲਾਨਾ ਕਰ ਦਿੱਤੀ ਹੈ। ਮੌਜੂਦਾ ਸਮੇਂ ‘ਚ ਐੱਸਬੀਆਈ ਸੇਵਿੰਗ ਅਕਾਊਂਟ ‘ਤੇ ਇੱਕ ਲੱਖ ਤੱਕ ਦੇ ਡਿਪਾਜ਼ਿਟ ‘ਤੇ 3.25% ਵਿਆਜ ਮਿਲਦਾ ਹੈ, ਜਦਕਿ 1 ਲੱਖ ਤੋਂ ਜ਼ਿਆਦਾ ਡਿਪਾਜ਼ਿਟ ‘ਤੇ 3% ਦੀ ਦਰ ਨਾਲ ਵਿਆਜ ਮਿਲਦਾ ਹੈ। ਬੈਂਕ ਗਾਹਕਾਂ ਨੂੰ ਰਾਹਤ ਦਿੰਦਿਆਂ ਐੱਸਬੀਆਈ ਨੇ ਐੱਸਐੱਮਐੱਸ ਸੇਵਾ ’ਤੇ ਲਾਈ ਜਾਂਦੀ ਫੀਸ ਨੂੰ ਵੀ ਖ਼ਤਮ ਕਰ ਦਿੱਤਾ ਹੈ। ਸੱਤ ਦਿਨਾਂ ਤੋਂ 45 ਦਿਨਾਂ ਤੱਕ ਦੀ ਐੱਫਡੀ ’ਤੇ ਵਿਆਜ ਹੁਣ 4 ਫ਼ੀਸਦੀ ਹੋਵੇਗਾ ਜੋ ਪਹਿਲਾਂ ਸਾਢੇ 4 ਫ਼ੀਸਦ ਸੀ।

ਇਕ ਸਾਲ ਅਤੇ ਉਸ ਤੋਂ ਵੱਧ ਸਮੇਂ ਦੀ ਐੱਫਡੀ ’ਤੇ ਵਿਆਜ ਦਰ ’ਚ 10 ਆਧਾਰੀ ਅੰਕਾਂ ਦੀ ਕਟੌਤੀ ਕੀਤੀ ਗਈ ਹੈ। ਨਵੀਆਂ ਦਰਾਂ 10 ਮਾਰਚ ਤੋਂ ਲਾਗੂ ਹੋ ਗਈਆਂ ਹਨ। ਹੁਣ ਇਕ ਸਾਲ ਤੋਂ ਦੋ ਸਾਲ ਤੋਂ ਘੱਟ ਸਮੇਂ ਲਈ ਐੱਫਡੀ ’ਤੇ 5.90 ਫ਼ੀਸਦੀ ਵਿਆਜ ਮਿਲੇਗਾ। ਸੀਨੀਅਰ ਸਿਟੀਜ਼ਨਜ਼ ਨੂੰ ਇਸ ਸਮੇਂ ਲਈ 6.40 ਫ਼ੀਸਦੀ ਵਿਆਜ ਮਿਲੇਗਾ। ਬੈਂਕ ਨੇ 180 ਦਿਨ ਅਤੇ ਉਸ ਤੋਂ ਵੱਧ ਸਮੇਂ ਲਈ ਦੋ ਕਰੋੜ ਰੁਪਏ ਅਤੇ ਉਸ ਤੋਂ ਵੱਧ ਸਮੇਂ ਲਈ ਮਿਆਦੀ ਜਮ੍ਹਾਂ ’ਤੇ ਵਿਆਜ ਦਰ ’ਚ 0.15 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇਕ ਸਾਲ ਅਤੇ ਉਸ ਤੋਂ ਵੱਧ ਸਮੇਂ ਦੀ ਥੋਕ ਜਮ੍ਹਾਂ ਰਕਮ ’ਤੇ ਵਿਆਜ ਦਰ ਹੁਣ 4.60 ਫ਼ੀਸਦੀ ਹੋਵੇਗੀ ਜੋ ਪਹਿਲਾਂ 4.75 ਫ਼ੀਸਦ ਸੀ। ਇਸ ਤੋਂ ਇਲਾਵਾ ਬੈਂਕ ਨੇ ਇਕ ਸਾਲ ਦੀ ਐੱਮਸੀਐੱਲਆਰ 0.10 ਫ਼ੀਸਦ ਘਟਾ ਕੇ 7.75 ਫ਼ੀਸਦ ਕਰ ਦਿੱਤੀ ਹੈ। ਇਕ ਦਿਨ ਅਤੇ ਇਕ ਮਹੀਨੇ ਲਈ ਐੱਮਸੀਐੱਲਆਰ 0.15 ਫ਼ੀਸਦ ਘਟਾ ਕੇ 7.45 ਫ਼ੀਸਦ ਕਰ ਦਿੱਤੀ ਗਈ ਹੈ। ਤਿੰਨ ਮਹੀਨਿਆਂ ਲਈ ਐੱਮਸੀਐੱਲਆਰ 7.65 ਫ਼ੀਸਦੀ ਤੋਂ ਘਟਾ ਕੇ 7.50 ਫ਼ੀਸਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਦੋ ਅਤੇ ਤਿੰਨ ਸਾਲ ਲਈ ਐੱਮਸੀਐੱਲਆਰ ਨੂੰ 0.10 ਫ਼ੀਸਦ ਘਟਾ ਕੇ ਕ੍ਰਮਵਾਰ 7.95 ਅਤੇ 8.05 ਫ਼ੀਸਦ ਕਰ ਦਿੱਤਾ ਗਿਆ ਹੈ। ਇਸ ਐਲਾਨ ਨਾਲ ਸਟੇਟ ਬੈਂਕ ਆਫ਼ ਇੰਡੀਆ ਦੇ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ।