ਚੰਡੀਗੜ੍ਹ- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਾਕਿਸਤਾਨ ਦੌਰੇ ਤੋਂ ਵਾਪਿਸ ਆਉਂਦਿਆਂ ਹੀ ਨਾਭਾ ਜੇਲ੍ਹ ਵਿੱਚ ਪੋਥੀਆਂ ਅਤੇ ਗੁਟਕਿਆਂ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਨੇ ਨਾਭਾ ਜੇਲ੍ਹ ਵਿੱਚ ਪੋਥੀਆਂ ਅਤੇ ਗੁਟਕਿਆਂ ਦੀ ਹੋਈ ਬੇਅਦਬੀ ਦੇ ਮਾਮਲੇ ਦੀ ਜਾਂਚ ਵਾਸਤੇ ਪੰਜ ਮੈਂਬਰੀ ਪੜਤਾਲੀਆ ਕਮੇਟੀ ਬਣਾਈ ਹੈ, ਜੋ ਪੰਜ ਦਿਨਾਂ ਵਿੱਚ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸੌਂਪੇਗੀ। ਬੰਦੀ ਸਿੰਘਾਂ ਨੇ ਇਸ ਮਾਮਲੇ ਵਿੱਚ ਨਿਆਂ ਦੀ ਮੰਗ ਨੂੰ ਲੈ ਕੇ ਨਾਭਾ ਜੇਲ੍ਹ ਵਿੱਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।

ਉਨ੍ਹਾਂ ਇਸ ਸੰਬੰਧ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਇੱਕ ਜਥੇਦਾਰ ਨੂੰ ਇੱਕ ਪੱਤਰ ਵੀ ਭੇਜਿਆ ਹੈ। ਇਸ ਪੱਤਰ ਵਿੱਚ ਦੱਸਿਆ ਗਿਆ ਕਿ 13 ਫ਼ਰਵਰੀ ਨੂੰ ਇੱਕ ਬੰਦੀ ਸਿੱਖ ਮਾਨ ਸਿੰਘ ਅੰਮ੍ਰਿਤਸਰ ਅਦਾਲਤ ਵਿਚ ਪੇਸ਼ੀ ਲਈ ਆਇਆ ਸੀ, ਜਿੱਥੇ ਸੰਗਤ ਵੱਲੋਂ ਉਨ੍ਹਂ ਨੂੰ ਜੇਲ੍ਹ ਵਿੱਚ ਬੰਦੀ ਸਿੰਘਾਂ ਵਾਸਤੇ ਗੁਰਬਾਣੀ ਦੇ ਗੁਟਕੇ ਅਤੇ ਪੋਥੀਆਂ ਦਿੱਤੀਆਂ ਗਈਆਂ ਸਨ। ਉਹ ਇਨ੍ਹਾਂ ਨੂੰ ਨਾਭਾ ਜੇਲ੍ਹ ਵਿਚ ਲੈ ਗਏ ਸਨ, ਜਿੱਥੇ ਸੁਰੱਖਿਆ ਅਧਿਕਾਰੀ ਨੇ ਤਲਾਸ਼ੀ ਲੈਣ ਮਗਰੋਂ ਇਹ ਪੋਥੀਆਂ ਤੇ ਗੁਟਕੇ ਦਫ਼ਤਰ ਵਿੱਚ ਅਲਮਾਰੀ ਦੇ ਉੱਪਰ ਉਂਜ ਹੀ ਰੱਖ ਦਿੱਤੇ ਸਨ। ਉਸ ਨੇ ਜੇਲ੍ਹ ਦੇ ਸੁਰੱਖਿਆ ਅਧਿਕਾਰੀ ਨੂੰ ਕਿਹਾ ਕਿ ਗੁਟਕਿਆਂ ਅਤੇ ਪੋਥੀਆਂ ਨੂੰ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ ਪਰ ਅਧਿਕਾਰੀ ਨੇ ਸੁਣਵਾਈ ਨਾ ਕੀਤੀ।