ਚੰਡੀਗੜ੍ਹ- ਗੁਜਰਾਤ ਦੇ ਇੱਕ ਧਾਰਮਿਕ ਆਗੂ ਸਵਾਮੀ ਕ੍ਰਿਸ਼ਨਾਸਵਰੂਪ ਦਾਸਜੀ ਦੀ ਇੱਕ ਵਿਵਾਦਤ ਵੀਡਿਓ ਵਾਇਰਲ ਹੋ ਰਹੀ ਹੈ।ਸਵਾਮੀ ਵੱਲੋਂ ਔਰਤਾਂ ਬਾਰੇ ਕੀਤੀ ਟਿੱਪਣੀਆਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸਵਾਮੀ ਦਾ ਕਹਿਣਾ ਹੈ ਕਿ ਮਾਂਹਵਾਰੀ ਦੌਰਾਨ ਆਪਣੇ ਪਤੀਆਂ ਲਈ ਭੋਜਨ ਤਿਆਰ ਕਰਨ ਵਾਲੀਆਂ ਮਹਿਲਾਵਾਂ ਆਪਣੇ ਅਗਲੇ ਜਨਮ ਵਿੱਚ ਕੁੱਤੀਆਂ ਵਜੋਂ ਜਨਮ ਲੈਣਗੀਆਂ ਤੇ ਇਹ ਭੋਜਨ ਖਾਣ ਵਾਲੇ ਪੁਰਸ਼ ਅਗਲੇ ਜਨਮ ਵਿੱਚ ਬਲਦ ਬਣਨਗੇ। ਬਹੁਤ ਸਾਰੇ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ।

ਇਹ ਟਿੱਪਣੀਆਂ ਕਰਨ ਵਾਲਾ ਸਵਾਮੀ ਕ੍ਰਿਸ਼ਨਾਸਵਰੂਪ ਦਾਸਜੀ ਭੁਜ ਵਿੱਚ ਕਾਲਜ ਚਲਾਉਂਦੇ ਸਵਾਮੀ ਨਰਾਇਣ ਮੰਦਰ ਨਾਲ ਜੁੜਿਆ ਹੋਇਆ ਹੈ। ਸ਼੍ਰੀ ਸ਼ਾਹਜਾਨੰਦ ਗਰਲਜ਼ ਇੰਸਟੀਚਿਊਟ ਵਿੱਚ ਸਵਾਮੀ ਵੱਲੋਂ 11 ਫਰਵਰੀ ਨੂੰ 60 ਲੜਕੀਆਂ ਨੂੰ ਕਥਿਤ ਤੌਰ ’ਤੇ ਉਨ੍ਹਾਂ ਨੂੰ ਮਾਂਹਵਾਰੀ ਆਈ ਹੋਣ ਬਾਰੇ ਪਤਾ ਲਗਾਉਣ ਲਈ ਆਪਣੇ ਅੰਦਰਲੇ ਕੱਪੜੇ ਲਾਹੁਣ ਲਈ ਮਜਬੂਰ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਕਾਲਜ ਦੇ ਹੋਸਟਲ ਦਾ ਨਿਯਮ ਹੈ ਕਿ ਜਿਨ੍ਹਾਂ ਲੜਕੀਆਂ ਨੂੰ ਮਾਂਹਵਾਰੀ ਆਈ ਹੋਈ ਹੈ, ਉਹ ਆਪਣੀ ਸਾਥੀ ਲੜਕੀਆਂ ਨਾਲ ਬੈਠ ਕੇ ਭੋਜਨ ਨਹੀਂ ਖਾ ਸਕਦੀਆਂ। ਇੰਸਟੀਚਿਊਟ ਦੀ ਪ੍ਰਿੰਸੀਪਲ, ਹੋਸਟਲ ਰੈਕਟਰ, ਸੇਵਾਦਾਰ ਤੇ ਇੱਕ ਹੋਰ ਮਹਿਲਾ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵਿਅਕਤੀ ਸਵਾਮੀ ਨਰਾਇਣ ਸੰਪਰਦਾ ਦੇ ‘ਨਰ-ਨਰਾਇਣ ਦੇਵਗਾਡੀ’ ਨਾਲ ਸਬੰਧਤ ਹੈ। ਇਸ ਸਵਾਮੀ ਨੇ ਪੁਰਸ਼ਾਂ ਨੂੰ ਖਾਣਾ ਬਣਾਉਣਾ ਸਿੱਖਣ ਲਈ ਆਖਦਿਆਂ ਕਿਹਾ, ‘‘ਮਹਿਲਾਵਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਮਾਂਹਵਾਰੀ ਦਾ ਸਮਾਂ ‘ਤਪੱਸਿਆ’ ਕਰਨ ਵਾਂਗ ਹੁੰਦਾ ਹੈ। ਇਹ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ। ਮੈਨੂੰ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨਾ ਚੰਗਾ ਨਹੀਂ ਲੱਗ ਰਿਹਾ, ਪਰ ਮੈਂ ਤੁਹਾਨੂੰ ਚੌਕਸ ਕਰ ਰਿਹਾ ਹਾਂ। ਪੁਰਸ਼ਾਂ ਨੂੰ ਖਾਣਾ ਬਣਾਉਣਾ ਸਿੱਖਣਾ ਚਾਹੀਦਾ ਹੈ…ਇਹ ਤੁਹਾਡੀ ਮਦਦ ਕਰੇਗਾ।’’

ਉਧਰ ਸਵਾਮੀ ਦਾ ਕਹਿਣਾ ਹੈ ਕਿ ਉਸਨੂੰ ਇਸ ਦੀ ਪ੍ਰਵਾਹ ਨਹੀਂ ਕਿ ਲੋਕਾਂ ਨੂੰ ਇਹ ਵਿਚਾਰ ਪਸੰਦ ਹਨ ਜਾਂ ਨਹੀਂ, ਪਰ ਇਹ ਸਭ ਕੁਝ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ।