International

ਸੌ ਦਿਨਾਂ ‘ਚ ਕਰਤਾਰਪੁਰ ਸਾਹਿਬ ਪਹੁੰਚੇ ਸਿਰਫ਼ 49,715 ਸ਼ਰਧਾਲੂ

ਚੰਡੀਗੜ੍ਹ- ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਥਾਨਕ ਕੌਮਾਂਤਰੀ ਸਰਹੱਦ ਤੋਂ ਲਾਂਘਾ ਖੁੱਲ੍ਹਣ ਦੇ ਸੌ ਦਿਨ ਬੀਤਣ ਤੋਂ ਬਾਅਦ ਵੀ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਆਸ ਤੋਂ ਕਾਫੀ ਘੱਟ ਹੈ। ਬੀਤੇ ਸੌ ਦਿਨਾਂ ਵਿੱਚ ਸਿਰਫ਼ 49,715 ਸ਼ਰਧਾਲੂ ਹੀ ਪਾਕਿਸਤਾਨ ਜਾ ਕੇ ਆਏ ਹਨ ਜੋ ਪਾਕਿਸਤਾਨ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ।ਪਿਛਲੇ ਸਾਲ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ।

ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਖੁੱਲ੍ਹਣ ਸਮੇਂ 5 ਹਜਾਰ ਸ਼ਰਧਾਲੂਆਂ ਨੂੰ ਇੱਕ ਸਮੇਂ ‘ਚ ਕਰਤਾਰਪੁਰ ਸਾਹਿਬ ਆਉਣ ਦੀ ਆਗਿਆ ਦਿੱਤੀ ਗਈ ਸੀ। ਪਰ ਕਰਤਾਰਪੁਰ ਲਾਂਘੇ ਰਾਹੀਂ ਹਰ ਰੋਜ਼ ਸਿਰਫ਼ ਸੈਂਕੜੇ ਸ਼ਰਧਾਲੂ ਹੀ ਪਾਕਿਸਤਾਨ ਜਾ ਰਹੇ ਹਨ। ਹਾਲਾਂਕਿ,ਕਿਸੇ ਗੁਰਪੁਰਬ ਜਾਂ ਐਤਵਾਰ ਦੇ ਦਿਨ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਆਮ ਨਾਲੋਂ ਵੱਧ ਹੁੰਦੀ ਹੈ। ਸ਼ਰਧਾਲੂਆਂ ਦੀ ਘੱਟ ਗਿਣਤੀ ਹੋਣ ਕਰਕੇ ਪਾਕਿਸਤਾਨ ਸਰਕਾਰ ਵਧੇਰੇ ਚਿੰਤਤ ਹੈ ਕਿਉਂਕਿ ਪਾਕਿਸਤਾਨ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀਆਂ ਸਹੂਲਤਾਂ ਲਈ ਵੱਡੇ ਪ੍ਰਬੰਧ ਕੀਤੇ ਹੋਏ ਹਨ,ਜਿਸ ‘ਤੇ ਖ਼ਰਚਾ ਵੀ ਜਿਆਦਾ ਹੋ ਰਿਹਾ ਹੈ ਪਰ ਸ਼ਰਧਾਲੂਆਂ ਦੀ ਗਿਣਤੀ ਘੱਟ ਹੋਣ ਕਰਕੇ ਇਹ ਖ਼ਰਚਾ ਅਸਿੱਧੇ ਤੌਰ ‘ਤੇ ਪਾਕਿਸਤਾਨ ਸਰਕਾਰ ਉੱਪਰ ਹੀ ਪੈ ਰਿਹਾ ਹੈ।

ਦਿੱਲੀ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਏ ਕੁੱਝ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਇੱਥੇ ਆ ਕੇ ਉਨ੍ਹਾਂ ਨੂੰ ਈਟੀਏ ਫਾਰਮ ਨਾ ਭਰੇ ਹੋਣ ਕਰਕੇ ਕਰਤਾਰਪੁਰ ਸਾਹਿਬ ਨਹੀਂ ਜਾਣ ਦਿੱਤਾ ਗਿਆ। ਇਸ ਕਾਰਨ ਉਹ ਦੂਰਬੀਨ ਨਾਲ ਹੀ ਦਰਸ਼ਨ ਕਰਕੇ ਵਾਪਿਸ ਜਾ ਰਹੇ ਹਨ।

ਇਨ੍ਹਾਂ ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਡੇਰਾ ਬਾਬਾ ਨਾਨਕ ਚੈੱਕ ਪੋਸਟ ‘ਤੇ ਵੀ ਆਨਲਾਈਨ ਪ੍ਰਕਿਰਿਆ ਪੂਰੀ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਦੂਰੋਂ ਆਏ ਸ਼ਰਧਾਲੂਆਂ ਨੂੰ ਮਾਮੂਲੀ ਗਲ਼ਤੀ ਕਾਰਨ ਨਿਰਾਸ਼ ਨਾ ਪਰਤਣਾ ਪਵੇ। ਜਿਆਦਾਤਾਰ ਸ਼ਰਧਾਲੂਆਂ ਨੇ ਦੋਵਾਂ ਸਰਕਾਰਾਂ ਨੂੰ ਪਾਸਪੋਰਟ ਸ਼ਰਤ ਖ਼ਤਮ ਕਰਨ ਤੇ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸੌਖੀ ਕਰਨ ਦੀ ਅਪੀਲ ਕੀਤੀ ਹੈ।