‘ਦ ਖ਼ਾਲਸ ਬਿਊਰੋ :- ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਸਾਬਕਾ ਫੌਜੀਆਂ ਨੇ ਵੀ ਅਨਾਜ ਮੰਡੀਆਂ ਵਿੱਚ ਮੋਰਚੇ ਸੰਭਾਲੇ ਹੋਏ ਹਨ ਤਾਂ ਕਿ ਕੋਵਿਡ-19 ਕਾਰਨ ਕਰਫਿਊ/ਲਾਕਡਾਊਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਅਤੇ ਵੇਚਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।

ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ 3195 ਗਾਰਡੀਅਨਜ਼ ਆਫ ਗਵਰਨੈਂਸ (ਪ੍ਰਬੰਧਾਂ ਦੇ ਰਾਖੇ) ਨੂੰ ਖ਼ਰੀਦ ਪ੍ਰਕ੍ਰਿਆ ਲਈ ਮੰਡੀ ਬੋਰਡ ਦੀ ਸਹਾਇਤਾ ਵਾਸਤੇ ਮੰਡੀਆਂ ਵਿੱਚ ਤਾਇਨਾਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਜੀ.ਓ.ਜੀ. ਸੂਬਾ ਭਰ ਦੀਆਂ 1683 ਮੰਡੀਆਂ ‘ਚ ਚੱਲ ਰਹੇ ਖ਼ਰੀਦ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

ਮੁੱਖ ਸਕੱਤਰ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਸਿਹਤ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਖ਼ਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਤੋਂ ਇਲਾਵਾ ਟ੍ਰੈਫਿਕ ਦੀ ਨਿਗਰਾਨੀ ਦਾ ਔਖਾ ਕਾਰਜ ਨਿਪਟਾਉਣ ਲਈ ਜੀ.ਓ.ਜੀ. ਮੰਡੀਆਂ ਬੋਰਡ ਦੇ ਮੁਲਾਜ਼ਮਾਂ ਨਾਲ ਮਿਲ ਕੇ ਸੇਵਾਵਾਂ ਨਿਭਾਅ ਰਹੇ ਹਨ ਤਾਂ ਕਿ ਮੰਡੀਆਂ ਵਿੱਚ ਭੀੜ-ਭੜੱਕਾ ਨਾ ਹੋਵੇ। ਜੀ.ਓ.ਜੀ. ਵੱਲੋਂ ਸਾਫ਼-ਸਫਾਈ ਦੀਆਂ ਹਾਲਤਾਂ ਬਾਰੇ ਰਿਪੋਰਟ ਕਰਨ ਤੋਂ ਇਲਾਵਾ ਕਿਸੇ ਵੀ ਹੋਰ ਮਸਲੇ ਬਾਰੇ ਤੁਰੰਤ ਸੀਨੀਅਰ ਅਥਾਰਟੀ ਦੇ ਨੋਟਿਸ ਵਿੱਚ ਲਿਆਂਦਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੀ.ਓ.ਜੀ. ਪਹਿਲਾਂ ਤੋਂ ਸਥਾਪਤ ਢਾਂਚੇ ਦੁਆਰਾ ਕਿਸੇ ਵੀ ਮਾਮਲੇ ਬਾਰੇ ਆਪਣੇ ਤਹਿਸੀਲ ਜਾਂ ਜ਼ਿਲ੍ਹਾ ਇੰਚਾਰਜ ਰਾਹੀਂ ਚੰਡੀਗੜ੍ਹ ਵਿਖੇ ਸਥਿਤ ਹੈੱਡਕੁਆਰਟਰ ਵਿਖੇ ਸੂਚਿਤ ਕਰਦੇ ਹਨ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਉਨ੍ਹਾਂ ਵੱਲੋਂ ਭੇਜੀਆਂ ਰਿਪੋਰਟਾਂ ਨੂੰ ਮੰਡੀ ਬੋਰਡ ਨਾਲ ਸਾਂਝਾ ਕੀਤਾ ਜਾਂਦਾ ਹੈ।

ਸ਼੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਇਸ ਔਖੇ ਸਮੇਂ ਵਿੱਚ ਮੰਡੀ ਬੋਰਡ ਵੱਲੋਂ ਕਣਕ ਦੀ ਫਸਲ ਦੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਅਤੇ ਸਿਹਤ ਸੁਰੱਖਿਆ ਉਪਾਵਾਂ ਲਈ ਇਹ ਕਦਮ ਸਹਾਈ ਸਿੱਧ ਹੋਣਗੇ। ਸਾਬਕਾ ਸੈਨਿਕ ਹੋਣ ਦੇ ਨਾਤੇ ਜੀ.ਓ.ਜੀ. ਦੀ ਸਮਰਪਿਤ ਭਾਵਨਾ ਦੀ ਸ਼ਲਾਘਾ ਕਰਦਿਆਂ ਖੰਨਾ ਨੇ ਉਨ੍ਹਾਂ ਨੇ ਆਪਣੀ ਪੂਰੀ ਨੌਕਰੀ ਮੁਲਕ ਦੀ ਸੇਵਾ ਦੇ ਲੇਖੇ ਲਾਈ ਅਤੇ ਹੁਣ ਜਦੋਂ ਕਿਸਾਨਾਂ ਲਈ ਮਦਦ ਦੀ ਘੜੀ ਆਈ ਤਾਂ ਸਾਬਕਾ ਫੌਜੀ ਆਪਣੀ ਵਡੇਰੀ ਉਮਰ ਦੀ ਪ੍ਰਵਾਹ ਨਾ ਕਰਦਿਆਂ ਮੰਡੀਆਂ ਵਿੱਚ ਖ਼ਰੀਦ ਕਾਰਜਾਂ ਵਿੱਚ ਵੀ ਸਰਕਾਰ ਦੀ ਮਦਦ ਕਰਨ ਤੋਂ ਪਿੱਛੇ ਨਾ ਹਟੇ।

Leave a Reply

Your email address will not be published. Required fields are marked *