‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਡਾਨ ਵਿਚ ਸੈਨਾ ਤਖਤਾਪਲਟ ਦੀਆਂ ਖਬਰਾਂ ਵਿਚਾਲੇ ਅੰਤ੍ਰਿਮ ਸਰਕਾਰ ਦੇ ਕਈ ਮੰਤਰੀਆਂ ਤੇ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਲੋਕਾਂ ਵਿਚ ਪ੍ਰਧਾਨਮੰਤਰੀ ਅਬਦੁੱਲਾ ਹਮਦੋਕ ਅਤੇ ਉਨ੍ਹਾਂ ਦੇ ਘੱਟੋ-ਘੱਟ ਚਾਰ ਮੰਤਰੀ ਸ਼ਾਮਿਲ ਹਨ। ਹਾਲਾਂਕਿ ਸੁਡਾਨ ਦੀ ਸੈਨਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪਰ ਲੋਕਤੰਤਰ ਦੇ ਸਮਰਥਕ ਸਮੂਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ ਉੱਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ।
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਸੁਡਾਨ ਉੱਤੇ ਰਾਜ ਕਰ ਰਹੇ ਉਮਰ ਅਲ ਬਸ਼ੀਰ ਨੂੰ ਸੱਤਾ ਤੋਂ ਲਾਂਭੇ ਕਰਨ ਤੋਂ ਬਾਅਦ ਇਕ ਅੰਤਰਿਮ ਸਰਕਾਰ ਹੋਂਦ ਵਿਚ ਆਈ ਸੀ। ਉਸੇ ਵੇਲੇ ਤੋਂ ਸੈਨਾ ਤੇ ਸਰਕਾਰ ਵਿਚਾਲੇ ਤਕਰਾਰ ਦੀ ਸਥਿਤੀ ਬਣੀ ਹੋਈ ਸੀ, ਪਰ ਇਹ ਸਪਸ਼ਟ ਨਹੀਂ ਹੈ ਕਿ ਇਹ ਗ੍ਰਿਫਤਾਰੀਆਂ ਕਿਸਨੇ ਕਰਵਾਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਰਾਜਧਾਨੀ ਖਾਰਤੁਮ ਵਿਚ ਇੰਟਰਨੈਟ ਬੰਦ ਹੈ। ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਸੰਦੇਸ਼ਾਂ ਵਿਚ ਰੋਹ ਵਿੱਚ ਆਈ ਭੀੜ ਸੜਕਾਂ ਉੱਤੇ ਟਾਇਰ ਫੂਕਦੀ ਦਿਸ ਰਹੀ ਹੈ। ਆਵਾਜਾਹੀ ਵੀ ਸੀਮਤ ਕਰ ਦਿੱਤੀ ਹੈ ਤੇ ਖਾਰਤੁਮ ਏਅਰਪੋਰਟ ਵੀ ਬੰਦ ਕਰ ਦਿੱਤਾ ਗਿਆ ਹੈ। ਸਾਰੀਆਂ ਅੰਤਰਰਾਸ਼ਟਰੀ ਫਲਾਇਟਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਉੱਧਰ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਸੈਨਾ ਨੇ ਸੁਡਾਨ ਦੇ ਟੀਵੀ ਤੇ ਰੇਡੀਓ ਸਟੇਸ਼ਨ ਉੱਤੇ ਕਬਜਾ ਕਰ ਲਿਆ ਹੈ। ਸਰਕਾਰ ਨੇ ਲੋਕਾਂ ਨੂੰ ਵੀ ਕਿਹਾ ਹੈ ਕਿ ਸੈਨਾ ਦੇ ਕੰਮ ਵਿਚ ਅੜਿੱਕਾ ਪਾ ਕੇ ਰੋਕਿਆ ਜਾਵੇ। ਸੁਡਾਨ ਦੇ ਸੂਚਨਾ ਮੰਤਰਾਲੇ ਨੇ ਵੀ ਆਪਣੇ ਫੇਸਬੁਕ ਪੇਜ ਉੱਤੇ ਇਹ ਜਾਣਕਾਰੀ ਦਿੱਤੀ ਹੈ ਕਿ ਸੈਨਾ ਦੇ ਇਕ ਕਰਮਚਾਰੀ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਉੱਧਰ, ਸੁਡਾਨ ਦੇ ਪ੍ਰਧਾਨ ਮੰਤਰੀ ਦੇ ਇਕ ਸਲਾਹਕਾਰ ਨੇ ਅਲ ਅਰਬੀਆ ਚੈਨਲ ਨੂੰ ਦੱਸਿਆ ਹੈ ਕਿ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਦੀ ਮੌਜੂਦਗੀ ਵਿਚ ਸੱਤਾਧਿਰ ਪਰਿਸ਼ਦ ਦੇ ਨਾਲ ਸਮਝੌਤੇ ਤੋਂ ਬਾਅਦ ਤਖਤਾਪਲਟ ਹੋ ਗਿਆ ਹੈ।