ਚੰਡੀਗੜ੍ਹ ਬਿਊਰੋ:- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਣ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ। ਕੈਪਟਨ ਨੇ ਇਸਨੂੰ ਕੋਰਾ ਝੂਠ ਦੱਸਦਿਆਂ ਕਿਹਾ ਕਿ ਇਸ ਨਾਲ ਸੁਖਬੀਰ ਦੀ ਘੋਰ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ, ਅਜਿਹਾ ਕਹਿਕੇ ਸੁਖਬੀਰ ਬਾਦਲ ਆਪਣੇ ਖੁਰੇ ਹੋਏ ਸਿਆਸੀ ਵੱਕਾਰ ਨੂੰ ਬਹਾਲ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ, ਜਿਸ ਕਾਰਨ ਉਸ ਨੇ ਸੰਜੀਦਗੀ ਦਾ ਵੀ ਪੱਲਾ ਛੱਡ ਦਿੱਤਾ ਹੈ।

ਮੁੱਖ ਮੰਤਰੀ ਨੇ ਸੁਖਬੀਰ ‘ਤੇ ਨਿਸ਼ਾਨਾ ਲਾਉਂਦਿਆ ਕਿਹਾ, ‘ਸਾਰਾ ਪੰਜਾਬ ਜਾਣਦਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਕਿਹੋ ਜਿਹੇ ਕਿਰਦਾਰ ਵਾਲਾ ਇਨਸਾਨ ਹੈ ਅਤੇ ਸੂਬੇ ਦੇ ਲੋਕ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਪੂਰੀ ਤਰਾਂ ਰੱਦ ਕਰ ਚੁੱਕੇ ਹਨ ਅਤੇ ਇਹ ਇਹੋ ਜਿਹੀ ਜ਼ਲਾਲਤ ਹੈ ਜਿਸ ਨਾਲ ਉਸ ਦੀ ਹਉਮੈ ਨੂੰ ਨਿਗਲਿਆ ਨਹੀਂ ਜਾ ਸਕਦਾ।’

ਕੈਪਟਨ ਨੇ ਬੇਅਦਬੀ ਦੇ ਇਲਜ਼ਾਮ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਬਰਗਾੜੀ ਅਤੇ ਬੇਅਦਬੀ ਦੇ ਹੋਰ ਕੇਸਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਨਾਲ ਸੁਖਬੀਰ ਸਪੱਸ਼ਟ ਤੌਰ ’ਤੇ ਤਲ਼ਖ ਹਕੀਕਤਾਂ ਨਾਲ ਜੂਝ ਰਿਹਾ ਹੈ ਕਿਉਂਕਿ ਹੁਣ ਉਸ ਦੇ ਕੀਤੇ ਜੁਰਮ ਉਸ ਨੂੰ ਫੜ ਰਹੇ ਹਨ। ਬੇਅਦਬੀ ਮਸਲੇ ‘ਤੇ ਹੁਣ ਸੁਖਬੀਰ ਅਤੇ ਉਸ ਦੀ ਪਾਰਟੀ ਦੇ ਸਾਥੀ ਘਿਰ ਗਏ ਹਨ ਅਤੇ ਹੁਣ ਬਹੁਤਾ ਸਮਾਂ ਨਿਆਂ ਤੋਂ ਭੱਜ ਨਹੀਂ ਸਕਦੇ।

ਸੁਖਬੀਰ ਵਾਂਗ ਕੈਪਟਨ ਨੇ ਵੀ ਸਵਾਲ ਪੁੱਛਿਆ ਕਿ‘‘ਕੀ ਸੁਖਬੀਰ ਭੁੱਲ ਗਿਆ ਹੈ ਕਿ ਜਦੋਂ ਪੰਜਾਬ ਵਿੱਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਸੀ ਤਾਂ ਉਸ ਮੌਕੇ ਸੂਬੇ ਵਿੱਚ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸਰਕਾਰ ਸੀ? ਕੀ ਉਹ ਭੁੱਲ ਗਿਆ ਕਿ ਜਦੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਬੇਕਸੂਰ ਲੋਕਾਂ ’ਤੇ ਗੋਲੀ ਚਲਾਈ ਗਈ ਸੀ ਤਾਂ ਉਸ ਵੇਲੇ ਸੂਬੇ ਦਾ ਗ੍ਰਹਿ ਮੰਤਰੀ ਕੌਣ ਸੀ?’’

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਇਸ ਕੌੜੀ ਸਚਾਈ ਤੋਂ ਵੀ ਮੂੰਹ ਮੋੜ ਲੈਣਾ ਚਾਹੁੰਦਾ ਹੈ ਪਰ ਜੋ ਕੁਝ ਅਕਾਲੀ-ਭਾਜਪਾ ਸਰਕਾਰ ਦੀ ਨੱਕ ਥੱਲੇ ਵਾਪਰਦਾ ਰਿਹਾ ਹੈ, ਉਸ ਨੂੰ ਨਾ ਤਾਂ ਪੰਜਾਬ ਦੇ ਲੋਕ ਭੁੱਲੇ ਹਨ ਅਤੇ ਨਾ ਹੀ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਮੁਆਫ ਕੀਤਾ ਹੈ।