ਚੰਡੀਗੜ੍ਹ- ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖ਼ਿਲਾਫ਼ ਮਾਨਸਾ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਲੁੱਕ-ਆਊਟ ਨੋਟਿਸ ਵਾਪਸ ਲੈ ਲਿਆ ਗਿਆ ਹੈ। ਹੁਣ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ਼ ਵਿਦੇਸ਼ਾਂ ਵਿੱਚ ਆਪਣੇ ਸ਼ੋ ਕਰਨ ਲਈ ਬਿਨਾਂ ਕਿਸੇ ਪਾਬੰਦੀ ਦੇ ਜਾ ਸਕਦੇ ਹਨ। ਉਨ੍ਹਾਂ ਨੂੰ ਹੁਣ ਵਿਦੇਸ਼ ਜਾਣ ਲਈ ਅਦਾਲਤ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੋਵੇਗੀ।

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਸਾਰਾ ਦਿਨ ਗਾਇਕਾਂ ਖ਼ਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਹੋਣ ਦੀਆਂ ਖ਼ਬਰਾਂ ਚੱਲਦੀਆਂ ਰਹੀਆਂ ਸਨ। ਐੱਸਪੀ (ਡੀ) ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਨੋਟਿਸ ਪਹਿਲਾਂ ਜਾਰੀ ਕੀਤਾ ਗਿਆ ਸੀ ਜੋ ਜ਼ਮਾਨਤ ਮਿਲਣ ਅਤੇ ਅਦਾਲਤ ਵਿੱਚ ਗਾਇਕਾਂ ਵੱਲੋਂ ਪੇਸ਼ ਹੋਣ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ। ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਮਾਨਸਾ ਪੁਲਿਸ ਨੇ ਪਹਿਲੀ ਫਰਵਰੀ ਨੂੰ ਲੁੱਕ-ਆਊਟ ਨੋਟਿਸ ਜਾਰੀ ਕੀਤਾ ਸੀ, ਪਰ ਮਗਰੋਂ ਗਾਇਕਾਂ ਦੀ ਮਾਨਸਾ ਅਦਾਲਤ ’ਚੋਂ ਜ਼ਮਾਨਤ ਹੋ ਗਈ ਸੀ। ਦੋਵਾਂ ਗਾਇਕਾਂ ਨੇ ਕੁੱਝ ਸਮਾਂ ਪਹਿਲਾਂ ਪਿੰਡ ਮੂਸਾ ’ਚ ਸਮਾਗਮ ਦੌਰਾਨ ਅਸਲੇ ਤੇ ਹਥਿਆਰਾਂ ਨਾਲ ਜੁੜਿਆ ਇਕ ਗੀਤ ਗਾਇਆ ਸੀ। ਚੰਡੀਗੜ੍ਹ ਨਾਲ ਸਬੰਧਤ ਵਕੀਲ ਐੱਚ.ਸੀ. ਅਰੋੜਾ ਦੀ ਸ਼ਿਕਾਇਤ ’ਤੇ ਦੋਵਾਂ ਗਾਇਕਾਂ ’ਤੇ ਹਥਿਆਰਾਂ ਨੂੰ ਪਰਮੋਟ ਕਰਨ ਦੇ ਦੋਸ਼ ਹੇਠ ਥਾਣਾ ਸਦਰ ਮਾਨਸਾ ’ਚ ਕੇਸ ਦਰਜ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਆਪਣੇ ਰਿਲੀਜ਼ ਹੋਏ ਗਾਣੇ ‘ਜੱਟੀ ਜਿਊਣੇ ਮੋੜ ਵਰਗੀ’ ਕਰਕੇ ਵਿਵਾਦਾਂ ਵਿੱਚ ਘਿਰ ਗਏ ਸਨ। ਇਸ ਗਾਣੇ ਵਿੱਚ ਉਨ੍ਹਾਂ ਨੇ ਮਾਈ ਭਾਗੋ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਸੀ। ਉਸ ਸਮੇਂ ਸਿੱਧੂ ਮੂਸੇਵਾਲਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗ ਲਈ ਗਈ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਸੰਗਰੂਰ ਦੇ ਪਿੰਡ ਦਿੜ੍ਹਬਾ ਵਿੱਚ ਆਪਣੇ ਇੱਕ ਸ਼ੋਅ ਦੌਰਾਨ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ ਸੀ।