India International Punjab

ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਦੀਆਂ ਦੁਨੀਆ ‘ਚ ਧੂੰਮਾਂ, ਚਰਚਿਲ ਤੇ ਲਿੰਕਨ ਨੂੰ ਵੀ ਪਿੱਛੇ ਛੱਡਿਆ

ਚੰਡੀਗੜ੍ਹ-(ਪੁਨੀਤ ਕੌਰ) ਸਿੱਖ ਕੌਮ ਲਈ ਬਹੁਤ ਵੱਡੀ ਖ਼ਬਰ ਹੈ ਕਿ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪੂਰੀ ਦੁਨੀਆਂ ਦੇ ਸਭ ਤੋਂ ਮਹਾਨ ਰਾਜੇ ਵਜੋਂ ਚੁਣੇ ਗਏ ਹਨ।  ਸਿੱਖ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੀਬੀਸੀ ਵਰਲਡ ਹਿਸਟਰੀਜ ਮੈਗਜ਼ੀਨ ਦੇ 5,000 ਤੋਂ ਵੱਧ ਪਾਠਕਾਂ ਦੀਆਂ ਵੋਟਾਂ ਵਿੱਚੋਂ 38 ਫੀਸਦੀ ਹਾਸਿਲ ਕਰਕੇ ਵਿੰਸਟਨ ਚਰਚਿਲ ਅਤੇ ਇਬਰਾਹਿਮ ਲਿੰਕਨ ਵਰਗੇ ਦੁਨੀਆਂ ਦੇ ਵੱਡੇ ਸ਼ਾਸਕਾਂ ਨੂੰ ਹਰਾ ਦਿੱਤਾ ਅਤੇ ਇਨ੍ਹਾਂ ਵੋਟਾਂ ਦੇ ਵਿੱਚ ਸਭ ਤੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।

ਇਤਿਹਾਸਕਾਰ ਮੈਥਿਊ ਲਾੱਕਵੁੱਡ ਨੇ ਪੰਜਾਬ ਦੇ ਸ਼ੇਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਸ ਦਲੀਲ ਦੇ ਨਾਲ ਨਾਮਜ਼ਦ ਕੀਤਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਜੇਤੂ ਸਨ ਤਾਂ ਉਨ੍ਹਾਂ ਨੇ ਸਹਿਣਸ਼ੀਲਤਾ ਦਾ ਇੱਕ ਆਧੁਨਿਕ ਸਾਮਰਾਜ ਉਸਾਰਿਆ ਸੀ ਜਿਸਨੂੰ ਸਿੱਖ ਰਾਜ ਕਿਹਾ ਜਾਂਦਾ ਸੀ ਅਤੇ ਜਿਸਦਾ ਇਲਾਕਾ ਬਹੁਤ ਵਿਸ਼ਾਲ ਸੀ ਕਿਉਂਕਿ ਸਿੱਖ ਰਾਜ ਕੇਵਲ ਭਾਰਤ ਤੱਕ ਹੀ ਸੀਮਤ ਨਹੀਂ ਸੀ ਬਲਕਿ ਇਹ ਅਫ਼ਗਾਨਿਸਤਾਨ ਤੱਕ ਫੈਲਿਆ ਹੋਇਆ ਸੀ। ਪਰ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਉਨ੍ਹਾਂ ਦੀ ਮੌਤ ਤੋਂ ਬਾਅਦ ਉਨਾਂ ਦੇ ਵੰਸ਼ਿਜਾਂ ਨੇ ਹੀ ਤਬਾਹ ਕਰ ਦਿੱਤਾ ਸੀ ਅਤੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਸਾਏ ਸਿੱਖ ਸਾਮਰਾਜ ਨੂੰ ਹੌਲੀ-ਹੌਲੀ ਕਰਕੇ ਜਿੱਤ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਸਿੱਖ ਯੋਧਾ,ਵੱਡੀਆਂ ਜਿੱਤਾਂ ਪ੍ਰਾਪਤ ਕਰਨ ਵਾਲਾ ਮਹਾਰਾਜਾ ਅਤੇ ਧਰਮ ਨਿਰਪੱਖ ਸ਼ਾਸਕ ਵਜੋਂ ਇਸ ਸੂਚੀ ਦੇ ਵਿੱਚ ਰੱਖਿਆ ਗਿਆ ਸੀ। ਅਲਾਬਮਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਲਿਖਿਆ ਹੈ ਕਿ “ ਮਹਾਰਾਜਾ ਰਣਜੀਤ ਸਿੰਘ ਜੀ ਰਾਜ-ਨਿਰਮਾਣ ਦਾ ਇੱਕ ਵੱਖਰਾ, ਵਧੇਰੇ ਗਿਆਨਵਾਨ, ਵਧੇਰੇ ਸੰਮਲਿਤ ਨਮੂਨਾ ਅਤੇ ਇੱਕ ਬਹੁਤ ਹੀ ਲੋੜੀਂਦੇ ਰਸਤੇ ਦੀ ਨੁਮਾਇੰਦਗੀ ਕਰਦੇ ਸੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਨੂੰ ਪੰਜਾਬ ਦੇ ਮਾਝੇ ਖੇਤਰ (ਹੁਣ ਪਾਕਿਸਤਾਨ ਵਿੱਚ) ਦੇ ਗੁੱਜਰਾਂਵਾਲਾ ਵਿੱਚ,ਮਹਾਂ ਸਿੰਘ ਸ਼ੁਕਰਚੱਕੀਆ ਅਤੇ ਰਾਜ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਸ਼ੁਕਰਚੱਕੀਆ ਮਿਸਲ ਦੇ ਕਮਾਂਡਰ ਸੀ। ਬਚਪਨ ਵਿੱਚ ਰਣਜੀਤ ਸਿੰਘ ਜੀ ਨੂੰ ਚੇਚਕ ਦੀ ਬਿਮਾਰੀ ਹੋ ਗਈ ਸੀ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਇੱਕ ਅੱਖ ਦੀ ਜੋਤ ਚਲੀ ਗਈ ਸੀ। 12 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਦੇ ਪਿਤਾ ਮਹਾਂ ਸਿੰਘ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਵਿਆਹ 1796 ਵਿੱਚ ਕਨ੍ਹਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਸੰਧੂ ਅਤੇ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਹੋਇਆ ਸੀ, ਉਸ ਸਮੇਂ ਉਹਨਾਂ ਦੀ ਉਮਰ 16 ਸਾਲਾਂ ਦੀ ਸੀ।

1801 ਵਿੱਚ ਉਨ੍ਹਾਂ ਨੇ ਸਾਰੇ ਸਿੱਖ ਧੜਿਆਂ ਨੂੰ ਇੱਕ ਰਾਜ ਵਿਚ ਜੋੜ ਦਿੱਤਾ ਅਤੇ 12 ਅਪਰੈਲ, ਵਿਸਾਖੀ ਦੇ ਦਿਨ, “ਮਹਾਰਾਜਾ” ਦੀ ਉਪਾਧੀ ਧਾਰਨ ਕੀਤੀ। ਉਸ ਸਮੇਂ ਉਹ 20 ਸਾਲਾਂ ਦੇ ਸਨ। ਜਦੋਂ ਕਿਸੇ ਕੌਮ ਦੇ ਕੋਲ ਕੋਈ ਕਾਬਿਲ ਲੀਡਰ ਨਾ ਹੋਵੇ ਤਾਂ ਫਿਰ ਭਾਵੇਂ ਫੌਜਾਂ ਜਿੰਨੀਆਂ ਮਰਜ਼ੀ ਕਾਬਲਿਅਤ ਰੱਖਦੀਆਂ ਹੋਣ,ਕਾਬਿਲ ਜਰਨੈਲ ਤੋਂ ਬਿਨਾਂ ਜਿੱਤ ਤੱਕ ਪਹੁੰਚਣਾ ਬੜਾ ਔਖਾ ਹੋ ਜਾਂਦਾ ਹੈ।ਮਹਾਰਾਜਾ ਰਣਜੀਤ ਸਿੰਘ ਜੀ  ਦਾ ਪਰਿਵਾਰਕ ਪਿਛੋਕੜ ਬਹੁਤ ਧਾਰਮਿਕ ਹੈ ਪਰ ਉਨ੍ਹਾਂ ਕੋਲ ਰਾਜ-ਭਾਗ ਕੋਈ ਬਹੁਤਾ ਵੱਡਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਸਦੇ ਪਰਿਵਾਰ ਦਾ ਇੱਕ ਰੌਸ਼ਨ ਦਿਮਾਗ ਸੂਰਮਾ ਸੀ ਸਰਦਾਰ ਚੜ੍ਹਤ ਸਿੰਘ। ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਥੇ ਵੀ ਦੁਸ਼ਮਣ ਨੂੰ ਲਲਕਾਰਿਆ ਹੈ ,ਉੱਥੇ ਮਹਾਂ ਸਿੰਘ ਦੇ ਪੁੱਤਰ ਦੇ ਰੂਪ ਵਿੱਚ ਘੱਟ ਵੰਗਾਰਿਆ ਹੈ ਬਲਕਿ ਚੜ੍ਹਤ ਸਿੰਘ ਦੇ ਪੋਤਰੇ ਦੇ ਰੂਪ ਵਿੱਚ ਜ਼ਿਆਦਾ ਵੰਗਾਰਿਆ ਹੈ। ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਆਪਣੇ ਰਾਜ ਦੇ ਵਿਸਥਾਰ ਵਾਲੇ ਪਾਸੇ ਤੁਰਨ ਵਾਸਤੇ ਜੋ ਕਦਮ ਚੁੱਕੇ ਹਨ,ਇਸਦੇ ਪਿੱਛੇ ਉਸਦੇ ਦਾਦੇ ਚੜ੍ਹਤ ਸਿੰਘ ਦਾ ਜੀਵਨ ਹੈ।

16-17 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਏਸ਼ੀਆ ਦੇ ਸਭ ਤੋਂ ਵੱਡੇ ਜਰਨੈਲ ਦੇ ਪੋਤਰੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੂੰ ਲਲਕਾਰਿਆ ਸੀ। ਮਹਾਰਾਜਾ ਰਣਜੀਤ ਸਿੰਘ ਜਦੋਂ ਰਾਜ-ਭਾਗ ਸੰਭਾਲਦੇ ਹਨ ਤਾਂ ਉਨ੍ਹਾਂ ਦੇ ਜੀਵਨ ਦੀਆਂ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹਨ ਜਿਨ੍ਹਾਂ ਨੂੰ ਅਸੀਂ ਨਾਕਾਰਾਤਮਕ ਰੂਪ ਵਿੱਚ ਵੇਖਦੇ ਹਾਂ ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਸਿੱਖ ਮਿਸਲਾਂ ਵਿੱਚ ਆਪਸ ਵਿੱਚ ਹੋ ਰਹੀਆਂ ਲੜਾਈਆਂ ਨੂੰ ਆਪਣੀ ਤਾਕਤ ਦੇ ਨਾਲ ਇਕੱਠਾ ਕੀਤਾ। ਇੱਕ ਮਹਾਰਾਜਾ ਰਣਜੀਤ ਸਿੰਘ ਹੀ ਸਨ ਜਿੰਨਾਂ ਨੇ ਆਪਸ ‘ਚ ਲੜ ਰਹੀਆਂ ਇੰਨੀਆਂ ਸਿੱਖ ਮਿਸਲਾਂ ਨੂੰ ਇੱਕ ਮੰਚ ਦੇ ਉੱਪਰ ਲਿਆ ਕੇ ਇੱਕ ਰਾਜ ਦੀ ਸਥਾਪਨਾ ਕੀਤੀ। ਉਸ ਰਾਜ ਦੀ ਬਣਤਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕੇਵਲ ਤਾਕਤ ਦੀ ਹੀ ਨਹੀਂ ਬਲਕਿ ਉਨ੍ਹਾਂ ਨੇ ਭਾਈਚਾਰਾ,ਨੀਤੀਆਂ ਦੀ ਵੀ ਵਰਤੋਂ ਕੀਤੀ ਹੈ।

ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ 49 ਲੜਾਈਆਂ ਲੜੀਆਂ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਸਭ ਤੋਂ ਚੰਗੀ ਪਾਲਿਸੀ ਸੀ ਕਿ ਉਨ੍ਹਾਂ ਨੇ ਆਪਣੇ ਰਾਜ ਵਿੱਚ ਖਿੰਡਰੇ ਹੋਏ ਲੋਕਾਂ ਨੂੰ ਇੱਕ ਪਾਸੇ ਇਕੱਠਾ ਕੀਤਾ ਸੀ।ਸਿੱਖ ਰਾਜ ਦਾ ਵਿਸਥਾਰ ਕਰਨ ਦੌਰਾਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਭਾਵੇਂ ਕਿਸੇ ਮੁਸਲਮਾਨ ਇਲਾਕੇ ‘ਤੇ ਕਬਜ਼ਾ ਕੀਤਾ ਜਾਂ ਫਿਰ ਕਿਸੇ ਵੀ ਭਾਈਚਾਰੇ ਦੇ ਇਲਾਕਿਆਂ ‘ਤੇ ਕਬਜ਼ਾ ਕੀਤਾ ਹੈ,ਕਦੇ ਵੀ ਆਪਣੇ ਦੁਸ਼ਮਣ ਨੂੰ ਭੀਖ ਮੰਗਣ ਲਈ ਮਜ਼ਬੂਰ ਨਹੀਂ ਕੀਤਾ। ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਸ ਵੀ ਇਲਾਕੇ ਵਿੱਚ ਕਬਜ਼ਾ ਕੀਤਾ ਹੈ,ਪਹਿਲਾਂ ਉਸਨੂੰ ਉਸਦੀ ਆਮਦਨ,ਉਸਦੇ ਘਰ ਦੇ ਖ਼ਰਚੇ ਤੇ ਉਸਦੀ ਸ਼ਾਹੀ ਠਾਠ ਦੇ ਬਾਰੇ ਪੁੱਛਦੇ ਸਨ ਤੇ ਫਿਰ ਉਸਦੇ ਬਰਾਬਰ ਉਸਨੂੰ ਜਾਗੀਰ ਦਿੰਦੇ ਸੀ।

ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਰਾਜਨੀਤਿਕ ਨੀਤੀਆਂ ਵੀ ਬਹੁਤ ਮਜ਼ਬੂਤ ਸਨ। ਜੇਕਰ ਕੋਈ ਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਣੇ ਰਾਜ ‘ਤੇ ਕਬਜ਼ਾ ਨਾ ਕਰਨ ਲਈ ਕਹਿੰਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਉਸਨੂੰ ਕਹਿ ਦਿੰਦੇ ਸਨ ਕਿ ਉਹ ਆਪਣੇ ਰਾਜ ਵਿੱਚ ਗੁਰਧਾਮਾਂ ਨੂੰ ਜਾਗੀਰ ਦੇਵੇ ਤੇ ਉਨ੍ਹਾਂ ਨੂੰ ਸਰਕਾਰੀ ਮਾਮਲਾ ਦੇ ਕੇ ਉਹ ਉਨ੍ਹਾਂ ਦਾ ਅਹਿਲਕਾਰ ਬਣ ਕੇ ਉੱਥੇ ਰਾਜ ਕਰੇ।

ਹਰੀ ਸਿੰਘ ਨਲਵਾ ਜਿਸ ਦਿਨ ਮੁਲਤਾਨ ਨੂੰ ਫ਼ਤਿਹ ਕਰਦਿਆਂ ਜ਼ਖਮੀ ਹੋ ਕੇ ਜ਼ਮੀਨ ‘ਤੇ ਡਿੱਗ ਗਏ ਸਨ,ਉਸ ਸਮੇਂ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਅੱਖ ਵਿੱਚੋਂ ਅੱਥਰੂ ਡਿੱਗਿਆ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਸੱਜੀ ਬਾਂਹ ਟੁੱਟ ਗਈ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੇ ਮੁਲਤਾਨ ਨੂੰ ਚਾਰ ਵਾਰ ਫ਼ਤਿਹ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਫੌਜੀ ਪੱਖ ਤੋਂ,ਅਸਲੇ ਦੇ ਪੱਖ ਤੋਂ,ਇੰਨ੍ਹਾਂ ਸਭ ‘ਤੇ ਬਹੁਤ ਖੋਜਾਂ ਹੋਈਆਂ ਹਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵਿੱਚ ਏਸ਼ੀਆ ਦੇ ਜਿੰਨੇ ਵੀ ਰਾਜ ਸੀ,ਉਨ੍ਹਾਂ ਸਾਰਿਆਂ ਰਾਜਾਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਲੋਕਾਂ ਦਾ ਸਾਹਿਤਕ ਪੱਧਰ ਬਹੁਤ ਉੱਚਾ ਸੀ ਹਾਲਾਂਕਿ ਉਸ ਸਮੇਂ ਕੋਈ ਕਾਲਜ,ਯੂਨੀਵਰਸਿਟੀ ਨਹੀਂ ਸੀ ਹੁੰਦੀ।

ਰਣਜੀਤ ਸਿੰਘ ਇੱਕ ਧਰਮ ਨਿਰਪੱਖ ਸ਼ਾਸਕ ਸੀ ਜਿਸ ਦਾ ਸਾਰੇ ਧਰਮਾਂ ਪ੍ਰਤੀ ਅਥਾਹ ਸਤਿਕਾਰ ਸੀ। ਉਨ੍ਹਾਂ ਦੀਆਂ ਫੌਜਾਂ ਵਿੱਚ ਸਿੱਖ, ਮੁਸਲਮਾਨ ਅਤੇ ਹਿੰਦੂ ਅਤੇ ਉਸਦੇ ਕਮਾਂਡਰ ਵੱਖ-ਵੱਖ ਧਾਰਮਿਕ ਫਿਰਕਿਆਂ ਵਿਚੋਂ ਸਨ। 1837 ਵਿਚ, ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੱਖਾਂ ਅਤੇ ਅਫ਼ਗਾਨਾਂ ਵਿਚਕਾਰ ਆਖਰੀ ਟਕਰਾਅ ਜਮਰੌਦ ਦੀ ਲੜਾਈ ਵਿਚ ਹੋਇਆ। ਸਿੱਖ ਖੈਬਰ ਦੇ ਰਾਹ ਨੂੰ ਪਾਰ ਕਰਨ ਵੱਲ ਵਧ ਰਹੇ ਸਨ ਅਤੇ ਅਫ਼ਗ਼ਾਨ ਫ਼ੌਜਾਂ ਨੇ ਜਮਰੌਦ ਵਿਖੇ ਉਨ੍ਹਾਂ ਦਾ ਮੁਕਾਬਲਾ ਕੀਤਾ। ਅਫ਼ਗਾਨਾਂ ਨੇ ਹਮਲਾਵਰ ਸਿੱਖਾਂ ਤੋਂ ਪਿਸ਼ਾਵਰ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ। ਸਿੱਖਾਂ ਵਰਗੀ ਕੌਮ ਦੇ ਉੱਪਰ 40 ਸਾਲ ਆਮ ਦਿਮਾਗ ਵਾਲਾ ਮਨੁੱਖ ਰਾਜ ਨਹੀਂ ਕਰ ਸਕਦਾ,ਇਸ ਲਈ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਕੌਮ ਦੇ ਮਹਾਨ ਰਾਜਾ ਸਨ।