ਚੰਡੀਗੜ੍ਹ- ਦਿੱਲੀ ਵਿੱਚ ਭੜਕੀ ਹਿੰਸਾ ਤੋਂ ਬਾਅਦ  ਘਰਾਂ ਤੋਂ ਬੇਘਰ ਹੋਏ ਲੋਕਾਂ ਲਈ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਟ ਕਮੇਟੀ ਦੇ ਮੈਂਬਰਾਂ ਵੱਲੋਂ ਅਤੇ ਮੰਨੀ ਪ੍ਰਮੰਨੀ ਖਾਲਸਾ ਏਡ ਸੰਸਥਾਂ ਦੇ ਵਲੰਟੀਅਰਾਂ ਵੱਲੋਂ  ਬਿਨਾਂ ਕਿਸੇ ਡਰ ਭੈ ਤੋਂ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਟ ਕਮੇਟੀ ਵੱਲੋਂ ਟਰੱਕ ਭਰ ਕੇ ਪੀੜਤਾਂ ਦੀ ਮਦਦ ਲਈ ਲੰਗਰ ਪਾਣੀ ਲਿਆਂਦਾ ਗਿਆ ਹੈ।

ਹਿੰਸਾ ਦਾ ਸ਼ਿਕਾਰ ਹੋਏ ਇਹ ਲੋਕ ਪਿਛਲੇ ਪੰਜ ਦਿਨਾ ਤੋਂ ਰੋਟੀ ਦੀ ਬੁਰਕੀ- ਬੁਰਕੀ ਤੱਕ ਨੂੰ ਤਰਸ ਰਹੇ ਹਨ। ਇਸ ਲਈ ਸੇਵਾ ਕਰ ਰਹੇ ਨੌਜਵਾਨਾਂ ਨੂੰ ਇਨ੍ਹਾਂ ਲੋਕਾਂ ਦੀ ਪੀੜ ਦਾ ਦੁੱਖ ਹੈ ਅਤੇ ਇਹ ਨੌਜਵਾਨ ਸੇਵਾ ਕਰਕੇ ਬੇਹੱਦ ਖੁਸ਼ ਵੀ ਹਨ। ਦਿੱਲੀ ਦੇ ਲੋਕ ਹਿੰਸਾ ਤੋਂ ਸਹਿਮ ਕੇ ਆਪਣੇ ਕੰਮ ਧੰਦੇ ਛੱਡ ਕੇ ਘਰਾਂ ਵਿੱਚ ਹੀ ਬੈਠ ਗਏ ਹਨ। ਲੰਗਰ ਲਿਆਉਣ ਵਾਲੇ ਟਰੱਕ ਡਰਾਇਵਰ ਮੁਸਲਿਮ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸੇਵਾ ਕਰਕੇ ਬੇਹੱਦ ਖੁਸ਼ੀ ਹੈ। ਉਨਾਂ ਕਿਹਾ ਕਿ ਉਹਨਾਂ ਵੱਲੋਂ ਚਾਰ ਟਰੱਕਾਂ ਵਿੱਚ ਲੰਗਰ ਤਿਆਰ ਕਰ ਕੇ ਲਿਆਂਦਾ ਗਿਆ ਜੋ ਵੱਖ-ਵੱਖ ਇਲਾਕਿਆਂ ਵਿੱਚ ਭੇਜਿਆ ਗਿਆ ਹੈ।

ਦਿੱਲੀ ਪਹੁੰਚੇ ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਵੀ ਹਿੰਸਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਹਰ ਤਰਾਂ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ। ਇੰਨਾਂ ਹੀ ਨਹੀਂ, ਜ਼ਖ਼ਮੀ ਹੋਏ ਲੋਕਾਂ ਲਈ ਦਵਾਈਆਂ ਦਾ ਖਾਸ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ। ਗੱਲ ਭਾਵੇਂ ਪੰਜਾਬ ‘ਚ ਆਏ ਹੜਾਂ ਦੀ ਹੋਵੇ ਭਾਵੇਂ ਅਸਟਰੇਲੀਆਂ ਵਿੱਚ ਲੱਗੀ ਭਿਆਨਕ ਅੱਗ ਦੀ ਹੋਵੇ,ਸਿੱਖ ਭਾਈਚਾਰਾਂ ਹਮੇਸ਼ਾ ਆਪਣੀਆਂ ਜਾਨ ਤਲੀ ‘ਤੇ ਧਰ ਕੇ ਹਰ ਖੇਤਰ ,ਹਰ ਸੂਬੇ ਵਿੱਚ ਕਿਸੇ ਵੇਲੇ ਵੀ ਲੋਕਾਂ ਦੀ ਮਦਦ ਲਈ ਹਮੇਸ਼ਾਂ ਡੱਟ ਕੇ ਖੜ ਜਾਂਦਾ ਹੈ।