ਚੰਡੀਗੜ੍ਹ-  ਹੁਣ ਤੱਕ ਦੁਨੀਆ ਭਰ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਲੋਕਾਂ ਦੀ ਗਿਣਤੀ 3595 ਤੋਂ ਵੱਧ ਹੋ ਚੁੱਕੀ ਹੈ ਅਤੇ 1,05,800 ਲੋਕ ਵਾਇਰਸ ਦੀ ਲਪੇਟ ‘ਚ ਹਨ। ਦੁਨੀਆਂ ਦੇ 90 ਤੋਂ ਵੱਧ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈਣ ਵਾਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਭਾਰਤ ’ਚ ਵੀ ਵਿਖਾਈ ਦੇਣ ਲੱਗ ਪਿਆ ਹੈ। ਭਾਰਤ ’ਚ ਹੁਣ ਤੱਕ 41 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਕੇਰਲ ’ਚ ਇਟਲੀ ਤੋਂ ਪਰਤੇ 3–ਸਾਲਾ ਬੱਚੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਉਸ ਬੱਚੇ ਨੂੰ ਏਰਨਾਕੁਲਮ ਦੇ ਮੈਡੀਕਲ ਕਾਲਜ ਸਥਿਤ ਇੱਕ ਆਈਸੋਲੇਸ਼ਨ ਵਾਰਡ ’ਚ ਦਾਖਿਲ ਕੀਤਾ ਗਿਆ ਹੈ। ਕੋਰੋਨਾਵਾਇਰਸ ਕਾਰਨ ਕਰਨਾਟਕ ਸਰਕਾਰ ਨੇ ਬੈਂਗਲੁਰੂ ਦੇ ਪਲੇਅ–ਸਕੂਲਾਂ (ਕਿੰਡਰਗਾਰਟਨ) ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਇਹ ਫ਼ੈਸਲਾ ਕਰਨਾਟਕ ਦੇ ਸਿਹਤ ਕਮਿਸ਼ਨਰ ਪੰਕਜ ਕੁਮਾਰ ਪਾਂਡੇ ਦੀ ਸਲਾਹ ਉੱਤੇ ਲਿਆ ਗਿਆ ਹੈ।

ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਨੇ ਐਤਵਾਰ ਨੂੰ  ਦਿੱਲੀ ਸਥਿੱਤ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿੱਚ 10 ਹਜ਼ਾਰ ਮਾਸਕ ਵੰਡੇ ਸਨ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਸਾਹਿਬ ‘ਚ ਮਾਸਕ ਵੰਡਦਿਆਂ ਕਿਹਾ ਕਿ ਕਮੇਟੀ ਨੇ ਮੁਫ਼ਤ ਮਾਸਕ ਵੰਡਣ ਦਾ ਫੈਸਲਾ ਬਾਜ਼ਾਰ ‘ਚ ਇਸ ਦੀ ਮਹਿੰਗੀ ਕੀਮਤਾਂ ਦੇ ਮੱਦੇਨਜ਼ਰ ਰੱਖਦੇ ਲਿਆ ਹੈ।ਸਿਰਸਾ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਆਉਣ ਵਾਲੇ ਦਿਨਾਂ ਵਿੱਚ ਰਾਜਧਾਨੀ ਦੇ ਹੋਰ ਗੁਰਦੁਆਰਿਆਂ ‘ਚ ਵੀ ਮੁਫ਼ਤ ਮਾਸਕ ਅਤੇ ਹੋਰ ਡਾਕਟਰੀ ਯੰਤਰ ਉਪਲੱਬਧ ਕਰਵਾਏ ਜਾਣਗੇ। ਕੋਰੋਨਾ ਦਾ ਇਨਫੈਕਸ਼ਨ ਰੋਕਣ ਲਈ ਕਮੇਟੀ ਨੇ ਸਾਰੇ ਗੁਰਦੁਆਰਾ ਕੰਪਲੈਕਸਾਂ ਦੀ ਸਫਾਈ ਮਾਪਦੰਡਾਂ ਨੂੰ ਹੋਰ ਸਖਤ ਕਰਦੇ ਹੋਏ ਸਾਰੇ ਸ਼ਰਧਾਲੂਆਂ ਦੇ ਸਾਬੁਣ ਨਾਲ ਹੱਥ ਧੋਣ ਦੀ ਉੱਚਿਤ ਵਿਵਸਥਾ ਕੀਤੀ ਹੈ।

ਸਿਰਸਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਹੈਂਡ ਸੈਨੀਟਾਈਜ਼ਰ ਨਾਲ ਹੱਥ ਸਾਫ ਕਰਨ ਦੀ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ। ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਉਂਝ ਤਾਂ ਕਾਰਗਿਲ ਦਾ ਹੈ ਪਰ ਇਸ ਵੇਲੇ ਉਹ ਜੰਮੂ ’ਚ ਹੈ। ਉੱਧਰ ਇੱਕ ਹੋਰ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ’ਚ ਵੀ ਕੋਰੋਨਾ ਵਾਇਰਸ ਫੈਲਣ ਦੇ ਖ਼ਦਸ਼ੇ ਕਾਰਨ ਸਕੂਲਾਂ ’ਚ 31 ਮਾਰਚ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬ ’ਚ ਹਾਲੇ ਤੱਕ ਕੋਰੋਨਾ ਵਾਇਰਸ ਤੋਂ ਕਿਸੇ ਦੇ ਪ੍ਰਭਾਵਿਤ ਹੋਣ ਬਾਰੇ ਕੋਈ ਪੁਸ਼ਟੀ ਨਹੀਂ ਹੋਈ। ਅੰਮ੍ਰਿਤਸਰ ’ਚ ਜ਼ਰੂਰ ਸਨਿੱਚਰਵਾਰ ਨੂੰ ਇੱਕ ਵਿਅਕਤੀ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਆਈ ਸੀ ਪਰ ਉਦੋਂ ਉਸ ਵਿਅਕਤੀ ਦਾ ਸਿਰਫ਼ ਮੁਢਲਾ ਟੈਸਟ ਹੀ ਹੋਇਆ ਸੀ। ਹਾਲੇ ਉਸ ਦੇ ਦੂਜੇ ਟੈਸਟ ਦੀ ਰਿਪੋਰਟ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।