Punjab Religion

ਸਿੱਖਾਂ ਦੀ ਸ਼੍ਰੋਮਣੀ ਸੰਸਥਾ ਨੇ ਜ਼ਮੀਨੀ ਪੱਧਰ ‘ਤੇ ਕੀਤੀ ਮਦਦ ਸ਼ੁਰੂ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਕਈ ਧਾਰਮਿਕ ਜਥੇਬੰਦੀਆਂ ਮਦਦ ਦੇ ਲਈ ਅੱਗੇ ਆਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਆਦੇਸ਼ ਦਿੱਤੇ ਹਨ ਕਿ ਲੋੜਵੰਦਾਂ ਦੀ ਮਦਦ ਲਈ ਅਸੀਂ ਤਿਆਰ ਹਾਂ ਅਤੇ ਲੋੜਵੰਦਾਂ ਨੂੰ ਪੈਕਿੰਗ ਲੰਗਰ ਦੇਣ ਦੀ ਵਿਵਸਥਾ ਕਰਨ ਦਾ ਰਹੇ ਹਾਂ। ਇਸ ਕਾਰਜ ਦੀ ਡਿਊਟੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਰਦਾਰ ਮਨਜੀਤ ਸਿੰਘ ਦੀ ਲਗਾਈ ਗਈ ਹੈ। ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸੰਕਟ ਦੀ ਇਸ ਘੜੀ ਵਿੱਚ ਸਾਡੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਦੇਸ਼-ਵਿਦੇਸ਼ ਤੋਂ ਯਾਤਰੀ ਆਏ ਹੋਏ ਹਨ ਜੋ ਬੱਸਾਂ,ਰੇਲਾਂ ਅਤੇ ਹਵਾਈ ਸੇਵਾਵਾਂ ਬੰਦ ਹੋ ਜਾਣ ਕਾਰਨ ਅੰਮ੍ਰਿਤਸਰ ਵਿੱਚ ਹੀ ਫਸ ਗਏ ਹਨ।

ਇਸਦੇ ਨਾਲ ਹੀ ਹਰ ਰੋਜ਼ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਵਾਲੇ ਵਿਅਕਤੀਆਂ ਲਈ ਲਾਕਡਾਊਨ ਹੋ ਜਾਣ ਕਾਰਨ ਸਭ ਕੁੱਝ ਬੰਦ ਹੋ ਗਿਆ ਹੈ ਜਿਸ ਕਰਕੇ ਇਨ੍ਹਾਂ ਲੋਕਾਂ ਦੇ ਆਮਦਨ ਦੇ ਸਾਧਨ ਵੀ ਖ਼ਤਮ ਹੋ ਗਏ ਹਨ। ਅਜਿਹੇ ਹਾਲਾਤਾਂ ਵਿੱਚ ਡਾ.ਰੂਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੋੜਵੰਦਾਂ ਦੇ ਲਈ ਲੰਗਰ ਦੀ ਪੈਕਿੰਗ ਕਰਕੇ ਉਨ੍ਹਾਂ ਨੂੰ ਦੇਣ ਦੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਖਾਣੇ ਦੇ ਕਰੀਬ 5 ਹਜਾਰ ਪੈਕਟ ਤਿਆਰ ਕਰਕੇ ਜ਼ਰੂਰਤਮੰਦਾਂ ਨੂੰ ਦੇਣ ਲਈ ਤਿਆਰੀ ਕੀਤੀ ਹੈ।