The Khalas Tv Blog Punjab ਸਿਮਰਨਜੀਤ ਸਿੰਘ ਬੈਂਸ ਸਾਈਕਲਾਂ ‘ਤੇ ਬੋਲਣਗੇ ਕੈਪਟਨ ‘ਤੇ ਹੱਲਾ, ਦਰਬਾਰ ਸਾਹਿਬ ਤੋਂ ਪਾਏ ਚਾਲੇ
Punjab

ਸਿਮਰਨਜੀਤ ਸਿੰਘ ਬੈਂਸ ਸਾਈਕਲਾਂ ‘ਤੇ ਬੋਲਣਗੇ ਕੈਪਟਨ ‘ਤੇ ਹੱਲਾ, ਦਰਬਾਰ ਸਾਹਿਬ ਤੋਂ ਪਾਏ ਚਾਲੇ

‘ਦ ਖ਼ਾਲਸ ਬਿਊਰੋ:- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਅੱਜ ਕਿਸਾਨਾਂ ਦੇ ਹੱਕ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ੍ਰੀ ਦਰਬਾਰ ਸਾਹਿਬ ਤੋਂ ਚੰਡੀਗੜ੍ਹ ਤੱਕ 5 ਦਿਨਾਂ ਸਾਈਕਲ ਮਾਰਚ ਸ਼ੁਰੂ ਕੀਤਾ। ਇਸ ਰੋਸ ਮਾਰਚ ਵਿੱਚ ਲੋਕ ਇਨਸਾਫ ਪਾਰਟੀ ਦੇ ਵਰਕਰ ਵੀ ਸ਼ਾਮਿਲ ਹਨ।

ਇਹ ਸਾਈਕਲ ਰੋਸ ਮਾਰਚ ਪਹਿਲੇ ਦਿਨ ਬਿਆਸ, ਦੂਜੇ ਦਿਨ ਜਲੰਧਰ, ਤੀਜੇ ਦਿਨ ਖਟਕੜ ਕਲਾਂ, ਚੌਥੇ ਦਿਨ ਰੋਪੜ ਅਤੇ ਪੰਜਵੇਂ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਜਾ ਕੇ ਖ਼ਤਮ ਹੋਵੇਗਾ। ਲੋਕ ਇਨਸਾਫ ਪਾਰਟੀ ਦੇ ਵਰਕਰ 5 ਦਿਨਾਂ ‘ਚ 260 ਕਿਲੋਮੀਟਰ ਯਾਤਰਾ ਕਰਨਗੇ। ਸਿਮਰਨਜੀਤ ਸਿੰਘ ਬੈਂਸ ਨੇ ਗਲਵਾਨ ਘਾਟੀ ਵਿਖੇ ਭਾਰਤ ਚੀਨ ਸਰਹੱਦ ‘ਤੇ ਸ਼ਹੀਦ ਹੋਏ ਫੌਜੀਆਂ ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿਖੇ ਸ਼ਰਧਾਂਜਲੀ ਵੀ ਦਿੱਤੀ।

ਇਸ ਸਾਈਕਲ ਰੋਸ ਮਾਰਚ ਰਾਹੀਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੈਂਸ ਭਰਾਵਾਂ ਨੇ ਆਖਿਆ ਕਿ ਇਹ ਆਰਡੀਨੈਂਸ ਕਿਸਾਨਾਂ ਲਈ ਨੁਕਸਾਨਦੇਹ ਹੈ ਅਤੇ ਇਹ ਭਵਿੱਖ ਵਿੱਚ ਕਿਸਾਨਾਂ ਨੂੰ ਬੇਜ਼ਮੀਨੇ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਹ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਗੇ। ਬੈਂਸ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੀ ਮੋਦੀ ਸਰਕਾਰ ਨਾਲ ਗੁਪਤ ਸੰਧੀ ਕੀਤੀ ਹੋਈ ਹੈ। ਬੈਂਸ ਨੇ ਕਿਹਾ ਕਿ MSP ਦਾ ਰੌਲਾ ਪਾਉਣ ਵਾਲੇ ਲੀਡਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਕੋਰੋਨਾਵਾਇਰਸ ਬਾਰੇ ਬੋਲਦਿਆਂ ਬੈਂਸ ਨੇ ਕਿਹਾ ਕਿ ਇਸ ਰੋਸ ਮਾਰਚ ਦੌਰਾਨ ਕੋਵਿਡ-19 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ।

Exit mobile version