Punjab

”ਸਵੇਰ ਦਾ ਗਿਆ ਹੋਇਆ ਆਦਮੀ ਸ਼ਾਮ ਤੱਕ ਬਣ ਸਕਦਾ ਹੈ ਅੱਤਵਾਦੀ”- ਡੀਜੀਪੀ ਦਿਨਕਰ ਗੁਪਤਾ

ਚੰਡੀਗੜ੍ਹ-(ਪੁਨੀਤ ਕੌਰ) ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਵੱਡਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘੇ ਨੂੰ ਸੰਭਾਵੀ ਖ਼ਤਰਾ ਦੱਸਿਆ ਹੈ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਸ਼ਰਧਾਲੂਆਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ, ”ਸਵੇਰ ਦਾ ਗਿਆ ਹੋਇਆ ਆਦਮੀ ਸ਼ਾਮ ਤੱਕ ਬਣ ਸਕਦਾ ਹੈ ਅੱਤਵਾਦੀ”। ਡੀਜੀਪੀ ਨੇ ਕਿਹਾ ਕਿ ਸ਼ਰਧਾਲੂ ਪਾਕਿਸਤਾਨ ਵਿੱਚ 6 ਘੰਟਿਆਂ ਤੱਕ ਰਹਿੰਦਾ ਹੈ ਤੇ ਇਨ੍ਹਾਂ 6 ਘੰਟਿਆਂ ਵਿੱਚ ਬੰਬ ਬਨਾਉਣ ਦੀ ਟਰੇਨਿੰਗ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਖ਼ਤਰੇ ਦੇ ਕਰਕੇ ਹੀ ਕਈ ਸਾਲਾਂ ਤੋਂ ਕੋਈ ਵੀ ਲਾਂਘਾ ਨਹੀਂ ਖੋਲਿਆ ਜਾ ਰਿਹਾ ਸੀ। ਇੱਕ ਅੰਗਰੇਜ਼ੀ ਅਖ਼ਬਾਰ ਦੇ ਇੰਟਰਵਿਊ ਦੌਰਾਨ ਡੀਜੀਪੀ ਨੇ ਇਹ ਵਿਵਾਦਿਤ ਬਿਆਨ ਦਿੱਤਾ ਸੀ।

ਡੀਜੀਪੀ ਦੇ ਇਸ ਬਿਆਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫ਼ਸੋਸਜਨਕ ਦੱਸਿਆ। ਉਨ੍ਹਾਂ ਨੇ ਇਸ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਪਿੱਛੇ ਕਾਂਗਰਸ ਦਾ ਕੋਈ ਇਰਾਦਾ ਜੁੜਿਆ ਹੋਇਆ ਹੈ,ਕਾਂਗਰਸ ਸਰਕਾਰ ਇਸ ਲਾਂਘੇ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ। ਲੌਂਗੋਵਾਲ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਪਾਕਿਸਤਾਨ ਸਰਕਾਰ ਅੱਗੇ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਾਂ।

ਡੀਜੀਪੀ ਦੇ ਬਿਆਨ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਬਿਆਨ ਵਿੱਚ ਦੇਸ਼ ਦੇ ਸਿੱਖਾਂ ਨੂੰ ਅੱਤਵਾਦੀ ਦੱਸਣ ਵਾਲੀ ਮਾਨਸਿਕਤਾ ਕਾਂਗਰਸ ਦੀ 1984 ਤੋਂ ਲਗਾਤਾਰ ਚੱਲਦੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਹਿੰਦੂ ਪਰਿਵਾਰ ਕੈਲਾਸ਼ ਮਾਨਸਰੋਵਰ ਜਾਂਦੇ ਹਨ,ਉਹ ਤਾਂ ਅੱਤਵਾਦੀ ਬਣ ਕੇ ਨਹੀਂ ਆਉਂਦੇ ਤਾਂ ਹਰ ਵਾਰ ਸਿੱਖਾਂ ਨੂੰ ਹੀ ਕਿਉਂ ਵਾਰ-ਵਾਰ ਬਦਨਾਮ ਕੀਤਾ ਜਾਂਦਾ ਹੈ। ਆਮ ਆਦਮੀ ਪਾਰਟੀ ਨੇ ਵੀ ਇਸ ਬਿਆਨ ਦੀ ਨਿੰਦਾ ਕੀਤੀ ਹੈ। ਡੀਜੀਪੀ ਦੇ ਇਸ ਬਿਆਨ ਨਾਲ ਵੱਡੀ ਰਾਜਨੀਤਿਕ ਹਲਚਲ ਪੈਦਾ ਹੋ ਸਕਦੀ ਹੈ। ਇਸ ਬਿਆਨ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਸੱਟ ਲੱਗੀ ਹੈ ਜੋ ਆਪਣੀ ਆਸਥਾ ਨਾਲ ਕਰਤਾਰਪੁਰ ਲਾਂਘੇ ਨੂੰ ਲੰਘ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ।