10 ਅਤੇ 12 ਮਈ ਨੂੰ ਪੰਜਾਬ ਤੋਂ ਵੱਡੇ ਜਥੇ ਕਰਨਗੇ ਦਿੱਲੀ ਕੂਚ ਤਾਲਾਬੰਦੀ ਦੀ ਆੜ ਹੇਠਾਂ ਸਰਕਾਰ ਕਰਵਾਉਣਾ ਚਾਹੁੰਦੀ ਹੈ ਮੋਰਚਾ ਖਤਮ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੰਯੁਕਤ ਕਿਸਾਨ ਮੋਰਚਾ ਨੇ ਅੱਜ ਦਿਲੀ ਮੋਰਚੇ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਆਪਣੇ ਅਗਲੇ ਵੱਡੇ ਪ੍ਰੋਗਰਾਮਾਂ ਦਾ ਐਲ਼ਾਨ ਕੀਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਸਿਰਫ ਲੌਕਡਾਊਨ ਰਾਹੀਂ ਇਸ ਸਮੱਸਿਆ ਤੋਂ ਨਿਜਾਤ ਪਾਉਣਾ ਚਾਹੁੰਦੀ ਹੈ, ਪਰ ਇਸ ਨਾਲ ਲੋਕ ਵੱਡੇ ਆਰਥਿਕ ਸੰਕਟ ਵਿੱਚ ਘਿਰ ਗਏ ਹਨ।
ਖਾਸਕਰਕੇ ਦੁਕਾਨਦਾਰਾਂ ਨੂੰ ਬਹੁਤ ਵੱਡਾ ਧੱਕਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਲੌਕਡਾਊਨ ਨੀਤੀ ਦਾ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੁਕਾਨਦਾਰਾਂ ਤੇ ਲੋਕਾਂ ਨੂੰ ਨਾਲ ਲੈ ਕੇ ਚੱਲੇਗਾ, ਇਸ ਲਈ 8 ਮਈ ਨੂੰ ਕਿਸਾਨ ਲੌਕਡਾਊਨ ਤੋੜਨਗੇ ਤੇ ਲੋਕਾਂ ਦੇ ਰੁਜਗਾਰ ਖੁਲ੍ਹਵਾਉਣ ਲਈ ਮੋਰਚਾ ਖੋਲ੍ਹਣਗੇ। ਇਸ ਤੋਂ ਇਲਾਵਾ 10 ਅਤੇ 12 ਮਈ ਨੂੰ ਵੱਡੇ ਜੱਥੇ ਪੰਜਾਬ ਤੋਂ ਦਿਲੀ ਆ ਰਹੇ ਹਨ। ਮੁੜ ਤੋਂ ਚਹਿਲ ਪਹਿਲ ਹੋਵੇਗੀ ਤੇ ਮੋਰਚਾ ਮਜਬੂਤ ਕੀਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਰੁਜਗਾਰ ਕਾਰਨ ਵੱਡੇ ਵੱਧਰ ਤੇ ਪਰਵਾਸੀ ਮਜਦੂਰ ਘਰਾਂ ਵੱਲ ਪਰਤਣੇ ਸ਼ੁਰੂ ਹੋ ਗਏ ਹਨ ਤੇ ਸਰਕਾਰ ਸਿਵਾਏ ਤਾਲਾਬੰਦੀ ਕਰਨ ਦੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦੇ ਰਹੀ ਹੈ।
ਇਸ ਮੌਕੇ ਕਿਸਾਨ ਲੀਡਰ ਬੂਟਾ ਸਿੰਘ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਜ਼ਰੂਰ ਹੈ, ਪਰ ਕੇਂਦਰ ਤੇ ਸੂਬਾ ਸਰਕਾਰ ਇਸ ਨੂੰ ਲੈ ਕੇ ਝੂਠ ਜਿਆਦਾ ਫੈਲਾਅ ਰਹੀ ਹੈ। ਕੋਰੋਨਾ ਦੀ ਆੜ ਥੱਲੇ ਇਹ ਮੋਰਚਾ ਖਤਮ ਕਰਵਾਉਣ ਦੀਆਂ ਵਿਉਂਤਾਂ ਘੜ੍ਹੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਅਸੀਂ ਸੈਨੇਟਾਇਜੇਸ਼ਨ ਤੇ ਟੀਕੇ ਦਾ ਪ੍ਰਬੰਧ ਕਰਨ ਲਈ ਸਰਕਾਰ ਨੂੰ ਕਿਹਾ ਸੀ, ਪਰ ਸਾਡੀ ਬੇਨਤੀ ਨਹੀਂ ਕੀਤੀ।
ਅਸੀਂ ਆਪਣੇ ਪੱਧਰ ‘ਤੇ ਸਾਰੀਆਂ ਸਾਵਧਾਨੀਆਂ ਤੇ ਹਦਾਇਤਾਂ ਦਾ ਪਾਲਣ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਆਪਣੀਆਂ ਰੈਲੀਆਂ ਬੰਦ ਕਰੇ, ਫਿਰ ਕਿਸਾਨ ਦਿੱਲੀ ਵਿੱਚ ਬਣਾਏ ਆਪਣੇ ਮਿਨੀ ਪੰਜਾਬ ਵਿਚ ਟਿਕ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਮਾਲ ਦੀ ਰਾਖੀ ਨਹੀਂ ਕਰ ਸਕੀ, ਜਾਨ ਦੀ ਤਾਂ ਦੂਰ ਹੈ। ਉਲਟਾ ਸਰਕਾਰ ਸਾਡੇ ‘ਤੇ ਇਲਜ਼ਾਮ ਲਗਾਉਂਦੀ ਹੈ ਕਿ ਅਸੀਂ ਕੋਰੋਨਾ ਫੈਲਾਉਂਦੇ ਹਾਂ ਤੇ ਖੁਦ ਰੈਲੀਆਂ ਕਰ ਰਹੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਕੋਰੋਨਾ ਸਰਕਾਰ ਦਾ ਆਗਿਆਕਾਰੀ ਹੈ। ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਤੇ ਠੇਕੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਨਾਂ ਦੇਰੀ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।