‘ਦ ਖ਼ਾਲਸ ਬਿਊਰੋ :- ਪੰਜਾਬ ਰਾਜ ਵਿੱਚ ਕਣਕ ਖ਼ਰੀਦ ਦੇ ਨੋ ਦਿਨਾਂ ਦੌਰਾਨ ਰਿਕਾਰਡ 2797108 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਜਦਕਿ ਇਸ ਦੇ ਮੁਕਾਬਲੇ ਸਾਲ 2019 ਦੌਰਾਨ 1 ਅਪ੍ਰੈਲ ਤੋਂ 23 ਅਪ੍ਰੈਲ ਤੱਕ ਦੇ 23 ਦਿਨਾਂ ਵਿੱਚ 1285981 ਮੀਟ੍ਰਿਕ ਟਨ ਕਣਕ ਦੀ ਹੀ ਖ਼ਰੀਦ ਹੋਈ ਸੀ। ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਇਹ ਪ੍ਰਗਟਾਵਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਸੰਭਾਵੀ ਖ਼ਤਰੇ ਤੋਂ ਕਿਸਾਨਾਂ ਨੂੰ ਬਚਾਉਣ ਲਈ  ਕਣਕ ਖ਼ਰੀਦ ਦਾ ਕਾਰਜ 1 ਅਪ੍ਰੈਲ ਦੀ ਬਜਾਏ 15 ਅਪ੍ਰੈਲ ਨੂੰ ਕੀਤਾ ਗਿਆ ਸੀ ਤਾਂ ਜ਼ੋ ਮੰਡੀਆਂ ਵਿੱਚ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਹਿੱਤ ਪ੍ਰਬੰਧ ਕੀਤੇ ਜਾ ਸਕਣ। ਆਸ਼ੂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਬਿਨਾਂ ਕਿਸੇ ਖੱਜਲ ਖ਼ੁਆਰੀ ਦੇ ਆਪਣੀ ਫ਼ਸਲ ਵੇਚਣ ਲਈ 1867 ਮੰਡੀਆਂ ਤੋਂ ਇਲਾਵਾ 2200 ਰਾਈਸ ਮਿੱਲਾਂ ਨੂੰ ਵੀ ਮੰਡੀ ਯਾਰਡ ਐਲਾਨਿਆ ਗਿਆ ਹੈ। ਜਿਸ ਸਦਕਾ ਕਿਸਾਨਾਂ ਨੂੰ ਬਹੁਤ ਸੋਖ ਹੋਈ ਹੈ।

ਫਾਇਲ ਤਸਵੀਰ: ਭਾਰਤ ਭੂਸ਼ਨ ਆਸ਼ੂ

ਉਨ੍ਹਾਂ ਦੱਸਿਆ ਕਿ ਬੀਤੇ ਨੋ ਦਿਨਾਂ ਦੌਰਾਨ ਸਰਕਾਰੀ ਏਜੰਸੀਆਂ ਵੱਲੋਂ 2792876  ਜਦਕਿ ਬੀਤੇ ਵਰ੍ਹੇਂ 23 ਦਿਨਾਂ ਵਿੱਚ ਸਰਕਾਰੀ ਏਜੰਸੀਆਂ ਵੱਲੋਂ 1285981 ਖ਼ਰੀਦ ਕੀਤੀ ਗਈ ਸੀ ਇਸ ਤਰ੍ਹਾਂ ਇਸ ਵਾਰ ਸਰਕਾਰੀ ਖ਼ਰੀਦ ਏਜੰਸੀਆਂ ਨੇ ਬੀਤੇ ਵਰ੍ਹੇਂ ਨਾਲੋਂ 250 ਫ਼ੀਸਦੀ ਵੱਧ ਖ਼ਰੀਦ ਕੀਤੀ ਗਈ ਹੈ।
ਖੁਰਾਕ ਮੰਤਰੀ ਨੇ ਬਾਰਦਾਨੇ ਦੀ ਥੁੜ ਸਬੰਧੀ ਛਪੀਆਂ ਖ਼ਬਰਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਬਾਰਦਾਨਾਂ ਭਰਪੂਰ ਮਾਤਰਾ ਵਿੱਚ ਮੌਜੂਦ ਹੈਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਵਿਭਾਗ ਕੋਲ 2.58 ਲੱਖ ਗੱਠਾਂ ਬਾਰਦਾਨਾਂ ਪਿਆ ਹੈ ਜਦਕਿ 50 ਹਜ਼ਾਰ ਗੱਠਾਂ ਦੀ ਸਪਲਾਈ ਵੀ ਸਾਡੇ ਕੋਲ ਪਹੁੰਚਣ ਵਾਲੀ ਹੈ। ਇਸ ਤੋਂ ਇਲਾਵਾ ਮਈ ਮਹੀਨੇ ਦੇ ਦੂਸਰੇ ਹਫ਼ਤੇ ਵਿੱਚ ਸਾਡੇ ਕੋਲ 47 ਹਜ਼ਾਰ ਹੋਰ ਗੱਠਾਂ ਵੀ ਪਹੁੰਚ ਜਾਣਗੀਆਂ।

ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਕਾਰਨ ਮੰਡੀਆਂ ਦਾ ਕੰਮ ਚਲਾਉਣ ਲਈ ਲੋੜੀਂਦੀ ਲੇਬਰ ਦੀ 50 ਫ਼ੀਸਦੀ ਲੇਬਰ ਤੋਂ ਵੀ ਘੱਟ ਲੇਬਰ ਨਾਲ ਵਿਭਾਗ ਵਲੋਂ ਮੰਡੀਆਂ ਦਾ ਕੰਮ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਲਿਫਟਿੰਗ ਪੂਰੀ ਤੇਜ਼ੀ ਨਾਲ ਨਹੀਂ ਹੋ ਰਹੀ ਸੀ ਪਰ ਹੁਣ ਇਸ ਕਾਰਜ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਨੀਤੀ ਤਿਆਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1262727 ਮੀਟ੍ਰਿਕ ਟਨ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ।

ਕਿਸਾਨਾਂ ਦਾ ਇਕ-ਇਕ ਦਾਣਾ ਖ੍ਰੀਦਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਆਸ਼ੂ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਇਸ ਸਾਲ ਕਣਕ ਦੀ ਫ਼ਸਲ ਦੀ ਖ਼ਰੀਦ ਹੋ ਰਹੀ ਉਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਮਈ ਮਹੀਨੇ ਦੇ ਮੱਧ ਤੱਕ 85 ਫ਼ੀਸਦ ਤੋਂ ਵੱਧ ਕਣਕ ਦੀ ਖ਼ਰੀਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਇਸ ਵਾਰ ਖ਼ਰੀਦ ਕਾਲ 2 ਮਹੀਨੇ ਕੀਤਾ ਗਿਆ ਹੈ ਜ਼ੋ ਕਿ 15 ਜੂਨ ਤੱਕ ਜਾਰੀ ਰਹੇਗਾ। ਆਸ਼ੂ ਨੇ ਦੱਸਿਆ ਹੁਣ ਖ਼ਰੀਦ ਗਈ ਕਣਕ ਸਬੰਧੀ 789.90 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।

ਦਸਵੇਂ ਦਿਨ 710323 ਟਨ ਕਣਕ ਦੀ ਖ਼ਰੀਦ:
ਪੰਜਾਬ ਵਿੱਚ ਕੱਲ੍ਹ ਕਣਕ ਦੀ ਖ਼ਰੀਦ ਦੇ ਦਸਵੇਂ ਦਿਨ 710323 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 708985 ਮੀਟ੍ਰਿਕ ਟਨ ਅਤੇ ਆੜਤੀਆਂ ਵਲੋਂ 1385 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।

ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ  ਸੂਬੇ ਵਿੱਚ 708985 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਗਈ ਹੈ ਜਿਸ ਵਿਚੋਂ ਪਨਗ੍ਰੇਨ ਵੱਲੋਂ 156305 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 162346 ਮੀਟ੍ਰਿਕ ਟਨ ਅਤੇ ਪਨਸਪ ਵੱਲੋਂ 161164 ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 98598 ਮੀਟ੍ਰਿਕ ਟਨ  ਕਣਕ ਖ਼ਰੀਦੀ ਗਈ ਹੈ।