ਚੰਡੀਗੜ੍ਹ- ਜਦੋਂ ਵੀ ਦੁਨੀਆਂ ਭਰ ਵਿੱਚ ਕੋਈ ਵੀ ਆਫ਼ਤ ਆਉਂਦੀ  ਹੈ ਤਾਂ ‘ਸਰਬੱਤ ਦਾ ਭਲਾ’ ਮੰਗਣ ਵਾਲੀ ਕੌਮ ਮਨੁਖਤਾ ਦੀ ਸੇਵਾ ਲਈ ਸਭ ਤੋਂ ਪਹਿਲਾਂ ਮੂਹਰੇ ਆਉਂਦੀ ਹੈ । ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਜਿੱਥੇ ਪੂਰੀ ਦੁਨੀਆ ਇਸਦੇ ਕਹਿਰ ਨਾਲ ਜੂਝ ਰਹੀ ਹੈ ਤੇ ਲੋਕ ਆਪੋ-ਆਪਣੇ ਘਰਾਂ ਵਿੱਚ ਬੈਠੇ ਹੋਏ ਹਨ ਉੱਥੇ ਸਿੱਖ ਭਾਈਚਾਰਾ ਲੋੜਵੰਦਾਂ ਦੀ ਮਦਦ ਲਈ ਮੁੜ ਅੱਗੇ ਆਇਆ ਹੈ, ਲੋਕਾਂ ਦੇ ਘਰ ਬੈਠਣ ਦੌਰਾਨ ਸਭ ਤੋਂ ਵੱਡਾ ਸੰਕਟ ਦਿਹਾੜੀਦਾਰ ਮਜ਼ਦੂਰਾਂ ‘ਤੇ ਆਇਆ ਹੈ, ਉਨਾਂ ਕੋਲ ਪਰਹੇਜ਼ ਰੱਖਣ ਲਈ ਸੈਨੀਟਾਈਜ਼ਰ ਅਤੇ ਮਾਸਕ ਵਰਗੀਆਂ ਜ਼ਰੂਰੀ ਚੀਜ਼ਾਂ ਵੀ ਨਹੀਂ, ਅਜਿਹੇ ਵਿੱਚ ਕੌਮਾਂਤਰੀ ਸੰਸਥਾ ਯੂਨਾਈਟਿਡ ਸਿੱਖਸ ਸਮੇਤ ਕਈ ਸੰਸਥਾਵਾਂ ਸੇਵਾ ਲਈ ਅੱਗੇ ਆਈਆਂ ਹਨ, ਯੂਨਾਈਟਿਡ ਸਿੱਖਸ ਵੱਲੋਂ ਦਿੱਲੀ ਪੰਜਾਬ,ਹਰਿਆਣਾ, ਹਿਮਾਚਲ ਸਮੇਤ ਦੇਸ਼ ਦੀਆਂ ਵੱਖ ਵੱਖ ਥਾਵਾਂ ‘ਤੇ ਜਿੱਥੇ ਇਨ੍ਹਾਂ ਦੇ ਸੇਵਾਦਾਰ ਮੌਜੂਦ ਹਨ, ਉੱਥੇ ਬਹੁਤ ਹੀ ਉਤਸ਼ਾਹ ਨਾਲ ਲੋੜਵੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ,  ਸੇਵਾਦਾਰਾਂ ਵੱਲੋਂ ਮੰਦਰ,ਮਸਜਿਦ  ਗੁਰਦੁਆਰਿਆਂ ਸਮੇਤ ਜਨਤਕ  ਜਗ੍ਹਾਵਾਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਪੋਸਟਰ ਵੀ ਲਾਏ ਜਾ ਰਹੇ ਹਨ ਅਤੇ ਸੈਨੀਟਾਈ਼ਜਰ ਵੀ ਵੰਡੇ ਜਾ ਰਹੇ ਹਨ, ਸ਼ਨੀਵਾਰ ਨੂੰ ਮੋਹਾਲੀ ਦੇ ਫੇਜ਼ 11 ਦੇ ਗੁਰੂ ਘਰ ਵਿਖੇ ਯੂਨਾਈਟਿਡ ਸਿੱਖਸ ਦੇ ਸੇਵਾਦਾਰਾਂ ਨੇ ਸੈਨੀਟਾਈਜ਼ਰ ਵੰਡੇ ਅਤੇ ਪੰਜਾਬ ਦੀਆਂ ਹੋਰ ਥਾਵਾਂ ਤੇ ਵੀ ਸੈਨੀਟਾਈਜ਼ਰ ਵੰਡੇ ਹਨ।

ਯੂਨਾਈਟਿਡ ਸਿੱਖਸ ਤੋਂ ਇਲਾਵਾ ਖਾਲਸਾ ਏਡ ਅਤੇ ਸੈਫੀਇੰਟਰਨੈਸ਼ਨਲ ਸੰਸਥਵਾਂ ਵੱਲੋਂ ਵੀ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕਰਨ ਦੇ ਨਾਲ-ਨਾਲ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੈਫੀਇੰਟਰਨੈਸ਼ਨਲ ਵੱਲੋਂ ਪੰਜਾਬ ਦੇ 160  ਤੋਂ ਵੱਧ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਦੇ ਨਾਲ ਹੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਜਿੱਥੇ ਇਸ ਸੰਸਥਾ ਦਾ ਹੈੱਡ ਦਫ਼ਤਰ ਹੈ ਉੱਥੇ ਇੱਕ ਅਭਿਆਨ ਸ਼ੁਰੂ ਕੀਤਾ ਹੈ ਜਿਸ ਦਾ ਨਾਂਮ ‘no hunger tummy’ ਹੈ ਜਿਸ ਤਹਿਤ ਲੋੜਵੰਦ ਪਰਿਵਾਰਾਂ ਨੂੰ ਸਿਹਤਮੰਦ ਭੋਜਨ ਦਿਤਾ ਜਾ ਰਿਹਾ ਹੈ।