‘ਦ ਖ਼ਾਲਸ ਬਿਊਰੋ :- ਵਿਸ਼ਵ ਭਰ ਵਿੱਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਜਿਨਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਦੀਆਂ ਮੁਸ਼ਕਲਾਂ ਦੂਰ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਕੋਆਰਡੀਨੇਟਰਾਂ ਦੀ ਨਿਯੁਕਤੀ ਨਾਲ ਉਨਾਂ (ਪ੍ਰਵਾਸੀ ਪੰਜਾਬੀਆਂ) ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ.ਆਰ.ਆਈਜ਼ , ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਦੌਰਾਨ ਯਾਤਰਾ ਪਾਬੰਦੀਆਂ ਕਰਕੇ ਬਹੁਤ ਸਾਰੇ ਪ੍ਰਵਾਸੀ ਭਾਰਤੀ ਵਿਦੇਸ਼ਾਂ ਜਾਂ ਭਾਰਤ ਵਿੱਚ ਫਸ ਗਏ ਹਨ। ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਇਸ ਸਬੰਧ ਵਿਚ ਨੌਂ ਰਾਜਾਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ ਤਾਂ ਜੋ ਇਨਾਂ ਐਨ.ਆਰ.ਆਈਜ਼ ਨੂੰ ਲੋੜੀਂਦੀ ਸਹਾਇਤਾ ਅਤੇ ਸਲਾਹ ਦੇਣ ਸਬੰਧੀ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਸਕਣ। ਵਿਦੇਸ਼ ਮੰਤਰਾਲੇ ਨੂੰ ਇਹ ਵੀ ਪਤਾ ਕੀਤਾ ਹੈ ਕਿ ਐਨ.ਆਰ.ਆਈਜ਼ ਨੂੰ ਤਾਲਾਬੰਦੀ ਖ਼ਤਮ ਹੋਣ ‘ਤੇ ਭਾਰਤ ਵਾਪਸ ਆਉਣ ਤੋਂ ਬਾਅਦ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਸੀਂ ਪ੍ਰਵਾਸੀ ਪੰਜਬੀਆਂ ਨੂੰ ਇਨਾਂ ਆਨਰੇਰੀ ਕੋਆਰਡੀਨੇਟਜ਼ ਨਾਲ ਜੋੜਨ ਦੀ ਪਹਿਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ। ਇਨਾਂ ਕੋਆਰਡੀਨੇਟਰਾਂ ਨੂੰ ਐਨ.ਆਰ.ਆਈ. ਕਮਿਸ਼ਨ ਰਾਹੀਂ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ / ਸਮੱਸਿਆਵਾਂ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਕਾਰਜ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਨਾਂ ਆਨਰੇਰੀ ਕੋਆਰਡੀਨੇਟਰਾਂ ਦੇ ਕੰਮ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਕੋਆਰਡੀਨੇਟਰਜ਼ ਵਿਦੇਸ਼ਾਂ ਵਿੱਚ ਵੱਖ-ਵੱਖ ਸਫ਼ਾਰਤਖਾਨਿਆਂ ਵਿਚਲੇ ਨੋਡਲ ਅਫ਼ਸਰਾਂ ਦੇ ਸੰਪਰਕ ਵਿੱਚ ਹਨ ਅਤੇ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਸਮੱਸਿਆਵਾਂ/ਮੁੱਦਿਆਂ ਨੂੰ ਉਠਾ ਰਹੇ ਹਨ।ਰਾਣਾ ਸੋਢੀ ਨੇ ਕਿਹਾ ਕਿ ਜੇ ਕੋਈ ਐਨਆਰਆਈ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਸਿੱਧਾ ਉਨਾਂ ਨਾਲ ਮੇਲ ਆਈ.ਡੀ (sportsministerpunjab@gmail.com) ‘ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨ.ਆਰ.ਆਈਜ਼ ਨਾਲ ਸਬੰਧਤ ਕਿਸੇ ਵੀ ਮਾਮਲੇ ਲਈ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ, ਆਈ.ਏ.ਐੱਸ. ਨਾਲ ਵੀ ਮੇਲ ਆਈ.ਡੀ. psnri@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੁਨੀਆਂ ਭਰ ਵਿੱਚ ਰਹਿੰਦੇ ਪੰਜਾਬੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਰਾਣਾ ਸੋਢੀ ਨੇ ਵਿਦੇਸ਼ਾਂ ਵਿੱਚ ਪੜ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੋਆਰਡੀਨੇਟਰਾਂ ਅਤੇ ਭਾਰਤੀ ਸਫ਼ਾਰਤਖਾਨਿਆਂ ਨਾਲ ਵੀ ਸੰਪਰਕ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੇ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਪੰਜਾਬ ਵਿੱਚ ਵਸਦੇ ਇਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਵੇਰਵਿਆਂ ਨਾਲ ਸਬੰਧਤ ਜ਼ਿਲ੍ਹਾਂ ਪ੍ਰਸ਼ਾਸਨ ਨਾਲ ਸੰਪਰਕ ਕਰਨ।

ਕੈਬਨਿਟ ਮੰਤਰੀ ਨੇ ਅੱਗੇ ਪ੍ਰਵਾਸੀ ਭਾਰਤੀਆਂ ਨੂੰ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਕਿਉਂਕਿ ਸਰਕਾਰ ਇਸ ਮਾਮਲੇ ਤੋਂ ਪੂਰੀ ਤਰਾਂ ਵਾਕਫ਼ ਹੈ ਅਤੇ ਸਾਰੇ ਮੁੱਦਿਆਂ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕੋਆਰਡੀਨੇਟਰਜ਼ ਦੇ ਨਾਵਾਂ ਦੀ ਘੋਸ਼ਣਾ ਕੀਤੀ, ਜੋ ਅੱਗੇ ਦਿੱਤੇ ਅਨੁਸਾਰ ਹਨ -: ਮਨਜੀਤ ਸਿੰਘ ਨਿੱਝਰ ਯੂ.ਕੇ ਐਡਮਿਨ. (44 7956 455388), ਹਰਸਿਮਰਨ ਆਹਲੂਵਾਲੀਆ ਆਸਟਰੇਲੀਆ, ਅਵਤਾਰ ਸਿੰਘ ਚਿਮਨਾ ਲੰਡਨ ਯੂ.ਕੇ. (44 7738 380750), ਡਾ. ਜੇਸਨ ਵੌਹਰਾ ਮਿਡਲੈਂਡ ਯੂਕੇ ( 44 7795 037126), ਸਰਬਜੀਤ ਸਿੰਘ ਕੈਲੀਫੋਰਨੀਆ ਯੂ.ਐੱਸ.ਏ. (19098157412),ਰਾਜਬੀਰ ਸਿੰਘ ਰੰਧਾਵਾ ਯੂ.ਐੱਸ.ਏ. (13235332733), ਰਾਜਨ ਸਿੱਧੂ ਨਿਊਯਾਰਕ ਯੂ.ਐਸ.ਏ, ਪਾਲ ਡੰਡੋਨਾ ਸ਼ਿਕਾਗੋ ਯੂ.ਐਸ.ਏ (18155055767), ਮੀਨਾ ਢੇਸੀ ਸੰਘੇੜਾ ਯੂ.ਐਸ.ਏ. (16619786310), ਦਵਿੰਦਰ ਗਰਚਾ ਕੈਨੇਡਾ (2504878966), ਸੁਖਮਿੰਦਰ ਸਿੰਘ ਖਹਿਰਾ ਕੈਨੇਡਾ (6045182100), ਨਛੱਤਰ ਸਿੰਘ ਕੂਨਰ ਕੈਨੇਡਾ (6048253623 ਜਾਂ 6045130073), ਅਰਵਿੰਦਰ ਸਿੰਘ ਖੋਸਾ ਕੈਨੇਡਾ, ਗੋਵਿੰਦਰ ਸਿੰਘ ਪੁਰੇਵਾਲ ਸਪੇਨ (34677139132), ਸੁਰਿੰਦਰ ਸਿੰਘ ਰਾਣਾ ਹਾਲੈਂਡ (31642718171), ਪ੍ਰਮੋਦ ਕੁਮਾਰ ਜਰਮਨੀ, ਸੁਰਜੀਤ ਸਿੰਘ ਆਬੂ ਧਾਬੀ (971506129811), ਪਵਨੀਸ਼ ਸਭਰਵਾਲ ਦੁਬਈ, ਲਾਵਾਨਿਆ ਮਾਥੁਰ ਦੁਬਈ (971551066874), ਸੁਖਦੇਵ ਸਿੰਘ ਇੰਡੋਨੇਸ਼ੀਆ (62818148498), ਅਵਤਾਰ ਸਿੰਘ ਨਿਊਜ਼ੀਲੈਂਡ, ਦਵਿੰਦਰ ਸਿੰਘ ਥਾਈਲੈਂਡ।