‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਵਿਆਹ ਦੇ ਸਮੇਂ ਧੀ ਨੂੰ ਮਾਪਿਆਂ ਵੱਲੋਂ ਦਿੱਤੇ ਗਏ ਤੋਹਫੇ ਦਾਜ ਨਹੀਂ ਮੰਨੇ ਜਾ ਸਕਦੇ। ਇਹ ਟਿੱਪਣੀ ਕੇਰਲਾ ਹਾਈਕੋਰਟ ਨੇ ਇਕ ਕੇਸ ਦੀ ਸੁਣਵਾਣੀ ਦੌਰਾਨ ਕੀਤੀ ਹੈ।ਕੋਰਟ ਦਾ ਕਹਿਣਾ ਹੈ ਕਿ ਇਹ ਗਿਫਟ ਦਹੇਜ ਰੋਕੂ ਕਾਨੂੰਨ, 1961 ਦੇ ਦਾਇਰੇ ਵਿੱਚ ਦਾਜ ਤਹਿਤ ਨਹੀਂ ਲਿਆਂਦੇ ਜਾ ਸਕਦੇ।
ਜ਼ਿਲ੍ਹਾ ਦਾਜ ਰੋਕੂ ਅਫ਼ਸਰ ਨੇ ਲਾੜੀ ਦੇ ਮਾਪਿਆਂ ਵੱਲੋਂ ਲਾੜੀ ਨੂੰ ਤੋਹਫ਼ੇ ਵਿੱਚ ਦਿੱਤੇ ਗਹਿਣੇ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਕਾਨੂੰਨ ਅਨੁਸਾਰ ਲਾੜੀ ਦੇ ਮਾਤਾ-ਪਿਤਾ ਵੱਲੋਂ ਆਪਣੀ ਵਸੀਅਤ ਵਿੱਚ ਦਿੱਤੇ ਸੋਨੇ ਦੇ ਗਹਿਣੇ ਦਾਜ ਵਿੱਚ ਨਹੀਂ ਆਉਂਦੇ। ਪਟੀਸ਼ਨਰ ਨੇ ਦਲੀਲ ਦਿੱਤੀ ਕਿ ਦਾਜ ਰੋਕੂ ਅਧਿਕਾਰੀ ਨੂੰ ਦਖਲ ਦੇਣ ਜਾਂ ਹੁਕਮ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਜੱਜ ਜਸਟਿਸ ਐਮਆਰ ਅਨੀਤਾ ਨੇ ਦਾਜ ਰੋਕੂ ਅਧਿਕਾਰੀ ਦੇ ਹੁਕਮ ਨੂੰ ਰੱਦ ਕਰ ਦਿੱਤਾ ਕਿਉਂਕਿ ਇਹ ਸਪੱਸ਼ਟ ਨਹੀਂ ਸੀ ਕਿ ਅਧਿਕਾਰੀ ਨੇ ਜਾਂਚ ਕੀਤੀ ਸੀ ਜਾਂ ਨਹੀਂ। ਨਾਲ ਹੀ, ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਗਹਿਣੇ ਦਾਜ ਵਜੋਂ ਮਿਲੇ ਸਨ ਜਾਂ ਨਹੀਂ। ਔਰਤ ਨੇ ਮੰਗ ਕੀਤੀ ਕਿ ਉਸ ਨੂੰ ਵਿਆਹ ਲਈ ਮਿਲੇ 55 ਤੋਲੇ ਸੋਨੇ ਦੇ ਗਹਿਣੇ ਵਾਪਸ ਕੀਤੇ ਜਾਣ। ਉਸ ਨੇ ਇਹ ਵੀ ਦੱਸਿਆ ਕਿ ਗਹਿਣੇ ਸਹਿਕਾਰੀ ਬੈਂਕ ਦੇ ਲਾਕਰ ਵਿੱਚ ਰੱਖੇ ਹੋਏ ਸਨ।