ਚੰਡੀਗੜ੍ਹ- (ਕਮਲਪ੍ਰੀਤ ਕੌਰ) ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੋਕਾਂ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਲਿਖਿਆ ਕਿ ਖ਼ਤਰਨਾਕ ਕੋਰੋਨਾਵਾਇਰਸ ਨੇ ਪੂਰੇ ਵਿਸ਼ਵ ਵਿੱਚ ਦਹਿਸ਼ਤ ਮਚਾਈ ਹੋਈ ਹੈ। ਜਿਸ ਕਾਰਨ ਅਜੇ ਤੱਕ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਹ ਵਾਇਰਸ ਭਾਵੇਂ ਕੁਦਰਤੀ ਫੈਲਿਆ ਹੋਵੇ ਜਾਂ ਗੈਰ-ਕੁਦਰਤੀ ਪਰ ਇਸ ਨੇ ਕਈ ਮੁਲਕਾਂ ਵਿੱਚ ਵੱਡੀ ਗਿਣਤੀ ‘ਚ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾ ਦਿੱਤਾ ਹੈ। ਵਾਇਰਸ ਕਾਰਨ ਦੁਨੀਆਂ ਪੂਰੀ ਤਰ੍ਹਾਂ ਡਰ ਗਈ ਹੈ, ਸਿੱਖ ਆਪਣੇ ਫਲਸਫੇ ਨੂੰ ਪ੍ਰਵਾਨਦਿਆਂ ਸਰਬੱਤ ਦੇ ਭਲੇ ਦੀ ਕਾਮਣਾ ਕਰਦਾ ਹੈ। ਇਸ ਲਈ ਮਾਨਵਤਾ ਦੀ ਇਸ ਖਤਰੇ ਵਿੱਚ ਮਦਦ ਕਰਨੀ ਸਿੱਖ ਕੌਮ ਦਾ ਜਰੂਰੀ ਫਰਜ਼ ਹੈ। ਇਸ ਕਰਕੇ ਹੇਠ ਲਿਖੇ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ-

1.‘ਗੁਰੂ ਦੀ ਗੋਲਕ ਗਰੀਬ ਦਾ ਮੂੰਹ ‘ ਅਨੁਸਾਰ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ-ਆਪਣੇ ਖਿੱਤਿਆਂ ਵਿੱਚ ਜ਼ਰੂਰਤਮੰਦਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਅੱਗੇ ਆਉਣ, ਖਾਸ ਕਰ ਵਿਦੇਸ਼ਾ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਦੀ ਸਹਾਇਤਾ ਲਈ ਗੁਰੂ ਘਰਾਂ ਦੇ ਖਜਾਨਿਆਂ ਦੀ ਵਰਤੋਂ ਖੁੱਲ੍ਹਦਿਲੀ ਨਾਲ ਕੀਤੀ ਜਾਵੇ।

2.ਗੁਰੂ ਘਰ ਦੀਆਂ ਸਰਾਵਾਂ ਨੂੰ ਲੋੜ ਪੈਣ ‘ਤੇ ਵਾਇਰਸ ਪੀੜਤਾਂ ਨੂੰ ਅਲਾਹਿਦਗੀ ਲਈ ਤਿਆਰ ਰੱਖਿਆ ਜਾਵੇ।

3.ਆਪਣੇ- ਆਪਣੇ ਮੁਲਕ ਦੀਆਂ ਸਰਕਾਰਾਂ ਅਤੇ ਸਿਹਤ ਵਿਭਾਗਾਂ ਦੀਆਂ ਹਦਾਇਤਾਂ ਦੀ ਪਾਲਣ ਕੀਤਾ ਜਾਵੇ ਅਤੇ ਗੁਰੂ ਘਰਾਂ ਵਿੱਚ ਨਿਤਾ- ਪ੍ਰਤੀ ਮਰਿਆਦਾ ਤੋਂ ਬਿਨਾਂ ਫਿਲਹਾਲ ਵੱਡੇ ਧਾਰਮਿਕ ਸਮਾਗਮ ਦੋ ਹਫ਼ਤਿਆ ਲਈ ਮੁਲਤਵੀ ਕਰ ਦਿੱਤੇ ਜਾਣ।

4.ਹਰ ਸਿੱਖ ਪਰਿਵਾਰ ਆਪਣੇ ਘਰ ਵਿੱਚ ਰਹੇ, ਗੁਰਬਾਣੀ ਦਾ ਪਾਠ ਕਰੇ, ਅਕਾਲ ਪੁਰਖ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰੇ ਅਤੇ ਸਵੈ-ਅਲਾਹਿਦੀ ਧਾਰਣ ਕਰੇ।

5.ਸਿੱਖ ਧਰਮ ਵਿੱਚ ਵਹਿਮ ਭਰਮ ਲਈ ਕੋਈ ਥਾਂ ਨਹੀਂ,ਇਸ ਲਈ ਸਿੱਖ, ਵਹਿਮ ਭਰਮ ਤੋਂ ਰਹਿਤ ਰਹਿੰਦਿਆਂ ਅਫਵਾਹਾਂ ਤੋਂ ਬਚੇ, ਹਰ ਹਾਲ ਅਕਾਲ ਪੁਰਖ ਵਾਹਿਗੁਰੂ ‘ਤੇ ਭਰੋਸਾ ਰੱਖੋ।