ਚੰਡੀਗੜ੍ਹ- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ਦੀ ਸੱਤਾਧਾਰੀ ਪਾਰਟੀ ਭਾਜਪਾ ਉੱਤੇ ਅਸਿੱਧੇ ਤੌਰ ‘ਤੇ ਹਮਲਾ ਕਰਦਿਆਂ ਕਿਹਾ ਕਿ ਦੇਸ਼ ਵਿੱਚ ਰਾਸ਼ਟਰਵਾਦ, ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਰਾਸ਼ਟਰਵਾਦ, ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਦੀ ਦੇਸ਼ ਦੇ ਕਰੋੜਾਂ ਵਾਸੀਆਂ ਦੇ ‘ਖਾੜਕੂ ਅਤੇ ਪੂਰੀ ਤਰ੍ਹਾਂ ਭਾਵੁਕ’ ਅਕਸ ਨੂੰ ਉਭਾਰਨ ਲਈ ਗਲਤ ਵਰਤੋਂ ਕੀਤੀ ਜਾ ਰਹੀ ਹੈ। ‘ਜਵਾਹਰ ਲਾਲ ਨਹਿਰੂ ਦੇ ਕੰਮਾਂ ਅਤੇ ਭਾਸ਼ਣਾਂ ਉੱਤੇ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜੇ ਅੱਜ ਭਾਰਤ ਨੂੰ ਵਿਸ਼ਵ ਪੱਧਰ ਉੱਤੇ ਮਜ਼ਬੂਤ ਜਮਹੂਰੀ ਦੇਸ਼ ਵਜੋਂ ਮਾਨਤਾ ਮਿਲੀ ਹੈ ਅਤੇ ਦੇਸ਼ ਦਾ ਜ਼ਿਕਰ ਮੋਹਰੀ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਹੁੰਦਾ ਹੈ ਤਾਂ ਇਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਦੀ ਦੇਣ ਨੂੰ ਦੇਸ਼ ਦੇ ਮੁੱਖ ਨਿਰਮਾਤਾ ਵਜੋਂ ਮਾਨਤਾ ਦੇਣ ਦੀ ਲੋੜ ਹੈ।

ਅੱਜ ਅਜ਼ਾਦ ਭਾਰਤ ਦਾ  ਜੋ ਮੁਹਾਂਦਰਾ ਹੈ, ਇਹ ਨਹਿਰੂ ਦੇ ਯੋਗਦਾਨ ਅਤੇ ਅਗਵਾਈ ਤੋਂ ਬਿਨਾਂ ਸੰਭਵ ਨਹੀਂ ਸੀ ਪਰ ਬਦਕਿਸਮਤੀ ਹੈ ਕਿ ਇੱਕ ਵਿਸ਼ੇਸ਼ ਵਰਗ ਜੋ ਕਿ ਜਾਂ ਤਾਂ ਇਤਿਹਾਸ ਨੂੰ ਪੜ੍ਹਨ ਦਾ ਸਬਰ ਨਹੀਂ ਰੱਖਦਾ ਜਾਂ ਫਿਰ ਜਾਣ ਬੁੱਝ ਕੇ ਆਪਣੇ ਮਾਲਕਾਂ ਦੇ ਕਹਿਣ ਉੱਤੇ ਦੇਸ਼ ਦੇ ਨਿਰਮਾਣ ਵਿੱਚ ਨਹਿਰੂ ਦੇ ਯੋਗਦਾਨ ਦੀ ਗਲਤ ਤਸਵੀਰ ਦਿਖਾਉਣ ਲਈ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਪਰਸ਼ੋਤਮ ਅਗਰਵਾਲ ਅਤੇ ਰਾਧਾ ਕ੍ਰਿਸ਼ਨਾ ਵੱਲੋਂ ਲਿਖੀ ਗਈ ਪੁਸਤਕ ‘ਹੂ ਇਜ਼ ਭਾਰਤ ਮਾਤਾ’ ਹੈ, ਵਿੱਚ ਨਹਿਰੂ ਦੀ ਸਵੈਜੀਵਨੀ,‘ ਗਲਿੰਪਸ ਆਫ ਵਰਲਡ ਹਿਸਟਰੀ ਐਂਡ ਦਿ ਡਿਸਕਵਰੀ ਆਫ ਇੰਡੀਆ’ ਵਿੱਚੋਂ ਚੋਣਵੇਂ ਵੇਰਵੇ ਲੈ ਕੇ ਤਿਆਰ ਕੀਤੀ ਗਈ ਹੈ। ਇਹ ਪਹਿਲਾਂ ਅੰਗਰੇਜੀ ਵਿੱਚ ਲਿਖੀ ਗਈ ਹੈ ਅਤੇ ਹੁਣ ਇਸ ਦਾ ਕੰਨੜ ਵਿੱਚ ਅਨੁਵਾਦ ਪ੍ਰਕਾਸ਼ਿਤ ਕੀਤਾ ਗਿਆ ਹੈ। ਪੁਸਤਕ ਵਿੱਚ ਸ੍ਰੀ ਨਹਿਰੂ ਦੇ ਮਹਾਤਮਾ ਗਾਂਧੀ, ਭਗਤ ਸਿੰਘ, ਸਰਦਾਲ ਪਟੇਲ, ਮੌਲਾਨਾ ਆਜ਼ਾਦ ਅਤੇ ਅਟਲ ਬਿਹਾਰੀ ਵਾਜਪਾਈ ਬਾਰੇ ਵੀ ਵਿਚਾਰ ਦਰਜ ਹਨ।