India

ਯੈੱਸ ਬੈਂਕ ਹੋਇਆ ਕੰਗਾਲ,ਗਾਹਕਾਂ ਨੂੰ ਪੈਣ ਲੱਗੇ ਦਿਲ ਦੇ ਦੌਰੇ ਤਾਂ ਐੱਸਬੀਆਈ ਨੇ ਬਾਂਹ ਫੜੀ

ਚੰਡੀਗੜ੍ਹ- ਪੀਐੱਮਸੀ ਤੋਂ ਬਾਅਦ ਹੁਣ ਯੈਸ ਬੈਂਕ ’ਚ ਆਰਥਿਕ ਸੰਕਟ ਕਾਰਨ ਹੰਗਾਮਾ ਮਚਿਆ ਹੋਇਆ ਹੈ। ਐਸਬੀਆਈ, ਯੈੱਸ ਬੈਂਕ ‘ਚ 2450 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਯੈੱਸ ਬੈਂਕ ਸੰਕਟ ‘ਤੇ ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਯੈੱਸ ਬੈਂਕ ‘ਚ ਖਾਤਾਧਾਰਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਜਨੀਸ਼ ਕੁਮਾਰ ਨੇ ਕਿਹਾ ਕਿ ਐਸਬੀਆਈ ਬੋਰਡ ਨੇ ਯੈੱਸ ਬੈਂਕ ‘ਚ 49 ਫ਼ੀਸਦੀ ਤੱਕ ਦੀ ਹਿੱਸੇਦਾਰੀ ਲੈਣ ਦੀ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ‘ਤੇ ਕਾਨੂੰਨੀ ਟੀਮ ਕੰਮ ਕਰ ਰਹੀ ਹੈ।

ਭਾਰਤੀ ਰਿਜ਼ਰਵ ਬੈਂਕ ਨੇ ਸੰਕਟ ‘ਚ ਫਸੇ ਨਿੱਜੀ ਖੇਤਰ ਦੇ ਯੈੱਸ ਬੈਂਕ ‘ਤੇ ਵੀਰਵਾਰ ਨੂੰ ਸਖ਼ਤੀ ਵਧਾਉਂਦੇ ਹੋਏ ਬੈਂਕ ਦੇ ਨਿਰਦੇਸ਼ਕ ਮੰਡਲ ਨੂੰ ਤੁਰੰਤ ਭੰਗ ਕਰ ਦਿੱਤਾ ਸੀ। ਭਾਰਤੀ ਰਿਜ਼ਰਵ ਬੈਂਕ (RBI) ਨੇ ਯੈੱਸ ਬੈਂਕ ਤੋਂ ਰਕਮ ਕਢਵਾਉਣ ਦੀ ਸੀਮਾ 50 ਹਜ਼ਾਰ ਰੁਪਏ ਤੈਅ ਕਰ ਦਿੱਤੀ ਹੈ; ਜਿਸ ਕਾਰਨ ਆਮ ਖਾਤਾ–ਧਾਰਕਾਂ ’ਚ ਭਾਜੜਾਂ ਮੱਚ ਗਈਆਂ ਹਨ। RBI ਦੇ ਐਲਾਨ ਤੋਂ ਬਾਅਦ ਯੈੱਸ ਬੈਂਕ ਦੀਆਂ ਸ਼ਾਖ਼ਾਵਾਂ ਤੇ ਏਟੀਐੱਮ ’ਚੋਂ ਪੈਸੇ ਕਢਵਾਉਣ ਵਾਲਿਆਂ ਦੀਆਂ ਭੀੜਾਂ ਲੱਗ ਗਈਆਂ ਹਨ। RBI ਦੇ ਹੁਕਮ ਤੋਂ ਬਾਅਦ ਆਉਂਦੀ 3 ਅਪ੍ਰੈਲ ਤੱਕ 50 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਨਹੀਂ ਕਢਵਾਈ ਜਾ ਸਕਦੀ। ਇਸ ਕਾਰਨ ਯੈੱਸ ਬੈਂਕ ’ਚ ਰਾਜਕੋਟ ਨਗਰ ਨਿਗਮ ਦੇ ਪੈਸੇ ਵੀ ਫਸ ਗਏ ਹਨ। ਇਸ ਨਗਰ ਨਿਗਮ ਦਾ ਖਾਤਾ ਵੀ ਯੈੱਸ ਬੈਂਕ ’ਚ ਹੈ।

ਰਾਜਕੋਟ ਨਗਰ ਨਿਗਮ ਨੇ ਸਮਾਰਟ–ਸਿਟੀ ਪ੍ਰੋਜੈਕਟ ਦੇ ਪੈਸੇ ਜਮ੍ਹਾ ਕਰਨ ਲਈ ਸਾਲ 2017 ’ਚ ਯੈੱਸ ਬੈਂਕ ਨੁੰ ਚੁਣਿਆ ਸੀ। ਇਸ ਲਈ ਟੈਂਡਰ ਵੀ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਯੈੱਸ ਬੈਂਕ ’ਚ ਹੀ ਪੈਸੇ ਜਮ੍ਹਾ ਹੁੰਦੇ ਰਹੇ। ਫ਼ਿਲਹਾਲ ਰਾਜਕੋਟ ਨਗਰ ਨਿਗਮ ਦੇ ਯੈੱਸ ਬੈਂਕ ’ਚ 164 ਕਰੋੜ ਰੁਪਏ ਜਮ੍ਹਾ ਹਨ।

ਰਾਜਕੋਟ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਚੇਤਨ ਨੰਦਾਨੀ ਨੇ ਦੱਸਿਆ ਕਿ ਸਮਾਰਟ–ਸਿਟੀ ਪ੍ਰੋਜੈਕਟ ਐਵਾਰਡ ਤੋਂ ਬਾਅਦ ਅਸੀਂ ਸਾਲ 2017 ’ਚ ਟੈਂਡਰ ਰਾਹੀਂ ਯੈੱਸ ਬੈਂਕ ਨੂੰ ਚੁਣਿਆ ਸੀ। ਹੌਲੀ–ਹੌਲੀ ਉੱਥੇ ਕਰੋੜਾਂ ਰੁਪਏ ਜਮ੍ਹਾ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੁਣ ਆਰਬੀਆਈ ਨਾਲ ਸੰਪਰਕ ਕਰ ਕੇ ਪੈਸੇ ਕਢਵਾਉਣ ’ਚ ਰਿਆਇਤ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਲੰਮੇ ਸਮੇਂ ਤੋਂ ਯੈੱਸ ਬੈਂਕ  ਜੂਝ ਰਿਹਾ ਸੀ ਵਿੱਤੀ ਸੰਕਟ ਨਾਲ :

ਨਿੱਜੀ ਖੇਤਰ ਦਾ ਯੈੱਸ ਬੈਂਕ ਲੰਮੇ ਸਮੇਂ ਤੋਂ ਵੱਧ ਰਹੇ ਕਰਜ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਬੈਂਕ ਨੂੰ ਬੈਂਕਿੰਗ ਨਿਯਮਾਂ ਦੀ ਪਾਲਣਾ ਕਰਨ ਲਈ 2 ਅਰਬ ਡਾਲਰ ਦੀ ਜ਼ਰੂਰਤ ਹੈ ਪਰ ਪਿਛਲੇ ਦੋ ਸਾਲਾਂ ਵਿੱਚ ਕਈ ਨਿਵੇਸ਼ਕਾਂ ਨਾਲ ਗੱਲਬਾਤ ਦੇ ਬਾਵਜੂਦ ਉਹ ਰਕਮ ਜੁਟਾਉਣ ‘ਚ ਅਸਫ਼ਲ ਰਿਹਾ ਹੈ। ਛੇ ਮਹੀਨੇ ਪਹਿਲਾਂ ਰਿਜ਼ਰਵ ਬੈਂਕ ਨੇ ਵੱਡਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਪੀਐੱਮਸੀ ਬੈਂਕ ਦੇ ਮਾਮਲੇ ‘ਚ ਵੀ ਅਜਿਹਾ ਕਦਮ ਚੁੱਕਿਆ ਸੀ।