India

ਯੈੱਸ ਬੈਂਕ ਨੇ ਦਿਵਾਈ ਮੁੜ ਤੋਂ ਨੋਟਬੰਦੀ ਦੀ ਯਾਦ

ਚੰਡੀਗੜ੍ਹ- ਯੈੱਸ ਬੈਂਕ ਨੇ ਦੇਰ ਰਾਤ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਕਿ ਉਹ ਹੁਣ ਆਪਣੇ ਡੇਬਿਟ ਕਾਰਡ ਰਾਹੀਂ ਏਟੀਐੱਮ (ATM) ਵਿੱਚੋਂ ਪੈਸੇ ਕਢਵਾ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕਬਜ਼ੇ ਹੇਠ ਲਏ ਜਾਣ ਦੇ ਕੁੱਝ ਹੀ ਦਿਨਾਂ ਬਾਅਦ ਯੈੱਸ ਬੈਂਕ ਦੇ ਖਾਤਾਧਾਰਕਾਂ ਲਈ ਇਹ ਇੱਕ ਵਧੀਆ ਖ਼ਬਰ ਹੈ। ਇਹ ਟਵੀਟ ਯੈੱਸ ਬੈਂਕ ਦੇ ਉਨ੍ਹਾਂ ਹਜ਼ਾਰਾਂ ਗਾਹਕਾਂ ਲਈ ਰਾਹਤ ਭਰੀ ਖ਼ਬਰ ਲੈ ਕੇ ਆਇਆ ਹੈ, ਜੋ ਮਹੀਨੇ 50,000 ਰੁਪਏ ਪ੍ਰਤੀ ਮਹੀਨਾ ਕਢਵਾਉਣ ਦੇ ਫ਼ੈਸਲੇ ਤੋਂ ਬਾਅਦ ਰੋਜ਼ਾਨਾ ਬੈਂਕ ਦੇ ਬਾਹਰ ਕਤਾਰਾਂ ਚ ਖਲੋ ਰਹੇ ਸਨ।

ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਐਤਵਾਰ ਨੂੰ ਧਨ ਦੇ ਗ਼ੈਰਕਾਨੂੰਨੀ ਲੈਣਦੇਣ ਦੇ ਮਾਮਲੇ ਵਿੱਚ ਭਾਰਤ ਦੇ ਸਭ ਤੋਂ ਹਾਈਪ੍ਰੋਫ਼ਾਈਲ ਬੈਂਕਰਾਂ ਵਿੱਚੋਂ ਇੱਕ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਲ 2003–04 ਵਿੱਚ ਯੈੱਸ ਬੈਂਕ ਦੇ ਸਹਿਬਾਨੀ ਰਹੇ ਰਾਣਾ ਕਪੂਰ ਬਾਅਦ ਚ ਇਸ ਦੇ ਐੱਮਡੀ ਤੇ ਸੀਈਓ ਬਣ ਗਏ ਸਨ ਪਰ ਉਨ੍ਹਾਂ ਨੂੰ ਸਤੰਬਰ 2018 ’ਚ ਇਹ ਅਹੁਦਾ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ

ਭਾਰਤੀ ਰਿਜ਼ਰਵ ਬੈਂਕ ਨੇ ਸੰਕਟ ਚ ਫਸੇ ਨਿੱਜੀ ਖੇਤਰ ਦੇ ਯੈੱਸ ਬੈਂਕ ਤੇ ਵੀਰਵਾਰ ਨੂੰ ਸਖ਼ਤੀ ਵਧਾਉਂਦੇ ਹੋਏ ਬੈਂਕ ਦੇ ਨਿਰਦੇਸ਼ਕ ਮੰਡਲ ਨੂੰ ਤੁਰੰਤ ਭੰਗ ਕਰ ਦਿੱਤਾ ਸੀ। ਭਾਰਤੀ ਰਿਜ਼ਰਵ ਬੈਂਕ (RBI) ਨੇ ਯੈੱਸ ਬੈਂਕ ਤੋਂ ਰਕਮ ਕਢਵਾਉਣ ਦੀ ਸੀਮਾ 50 ਹਜ਼ਾਰ ਰੁਪਏ ਤੈਅ ਕਰ ਦਿੱਤੀ ਹੈ; ਜਿਸ ਕਾਰਨ ਆਮ ਖਾਤਾਧਾਰਕਾਂ ਚ ਭਾਜੜਾਂ ਮੱਚ ਗਈਆਂ ਹਨ। RBI ਦੇ ਐਲਾਨ ਤੋਂ ਬਾਅਦ ਯੈੱਸ ਬੈਂਕ ਦੀਆਂ ਸ਼ਾਖ਼ਾਵਾਂ ਤੇ ਏਟੀਐੱਮ ਚੋਂ ਪੈਸੇ ਕਢਵਾਉਣ ਵਾਲਿਆਂ ਦੀਆਂ ਭੀੜਾਂ ਲੱਗ ਗਈਆਂ ਹਨ। RBI ਦੇ ਹੁਕਮ ਤੋਂ ਬਾਅਦ ਆਉਂਦੀ 3 ਅਪ੍ਰੈਲ ਤੱਕ 50 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਨਹੀਂ ਕਢਵਾਈ ਜਾ ਸਕਦੀ।