ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ‘ਤੇ ਚਿੰਤਾ ਜ਼ਾਹਰ ਕਰਦਿਆਂ ਇਸਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਇਸ ਮਹਾਂਮਾਰੀ ਦੇ  ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲੈਂਦੇ ਹੋਏ ਯੂਰਪ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਯਾਤਰਾ ’ਤੇ 30 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਯਾਤਰਾ ਪਾਬੰਦੀ ਤੋਂ ਸਿਰਫ਼ ਬਰਤਾਨੀਆ ਨੂੰ ਮੁਕਤ ਰੱਖਿਆ ਗਿਆ ਹੈ। ਯੂਕੇ ਵਿੱਚ 460 ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਟੈਲੀਵਿਜ਼ਨ ਉੱਤੇ ਦਿੱਤੇ ਆਪਣੇ ਸੰਦੇਸ਼ ਵਿੱਚ ਕੀਤਾ ਹੈ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਟਵੀਟ ਕਰ ਕੇ ਕਿਹਾ,”ਮੈਂ ਕੋਰੋਨਾਵਾਇਰਸ ਦੀ ਚੁਣੌਤੀ ਨਾਲ ਲੜਨ ਲਈ ਸੰਘੀ ਸਰਕਾਰ ਦੀਆਂ ਸਾਰੀਆਂ ਤਾਕਤਾ ਦੀ ਵਰਤੋਂ ਕਰਨ ਨੂੰ ਤਿਆਰ ਹਾਂ।” ਇੱਕ ਹੋਰ ਟਵੀਟ ਰਾਹੀਂ ਟਰੰਪ ਨੇ ਦੇਸ਼ ਦੇ ਮੀਡੀਆ ਨੂੰ ਵੀ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਲਿਖਿਆ, ” ਕੋਰੋਨਾਵਾਇਰਸ ਸਾਡਾ ਸਾਂਝਾ ਦੁਸ਼ਮਣ ਹੈ। ਅਸਲ ਵਿੱਚ ਇਹ ਪੂਰੀ ਦੁਨੀਆਂ ਦਾ ਦੁਸ਼ਮਣ ਹੈ। ਸਾਨੂੰ ਇਸ ਨੂੰ ਛੇਤੀ ਤੇ ਸੁਰੱਖਿਅਤ ਤਰੀਕੇ ਨਾਲ ਹਰਾਉਣਾ ਹੋਵੇਗਾ। ਮੇਰੇ ਲਈ ਅਮਰੀਕੀ ਲੋਕਾਂ ਦੀ ਹਿਫ਼ਾਜ਼ਤ ਤੇ ਜ਼ਿੰਦਗੀ ਤੋਂ ਮਹੱਤਵਪੂਰਨ ਕੁੱਝ ਵੀ ਨਹੀਂ ਹੈ।“

ਅਮਰੀਕਾ ਵਿੱਚ 1135 ਕੇਸ ਕੋਰੋਨਾਵਾਇਰਸ ਦੇ ਸਾਹਮਣੇ ਆਏ ਹਨ ਅਤੇ ਕੋਰੋਨਾਵਾਇਰਸ ਕਾਰਨ ਅਮਰੀਕਾ ਵਿੱਚ 40 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।