India Punjab

ਪੁਲਿਸ ਨੇ ਨਿਰਦੋਸ਼ਾਂ ਨੂੰ ਰਿਹਾਅ ਕਰਕੇ ਚੰਗਾ ਕੀਤਾ, ਗ੍ਰਿਫ਼ਤਾਰ ਢਾਡੀ ਨੂੰ ਰਿਹਾਅ ਕਰੋਂ – ਦਮਦਮੀ ਟਕਸਾਲ ਮੁੱਖੀ

ਚੰਡੀਗੜ੍ਹ ( ਹਿਨਾ ) ਪਟਿਆਲਾ ‘ਚ ਹੋਈ ਘਟਨਾ ਨਾਲ ਸੰਬੰਧਿਤ ਨਿਹੰਗ ਸਿੰਘਾਂ ਵਿਚੋਂ ਸਿੱਖ ਬੀਬੀ ਸਮੇਤ 4 ਨੂੰ ਰਿਹਾਅ ਕਰਨ ‘ਤੇ ਦਮਦਮੀ ਟਕਸਾਲ ਮੁਖੀ ਨੇ ਕੀਤਾ ਸਵਾਗਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕੋਵਿਡ-19 ਦੌਰਾਨ ਜੀਵਨ-ਮੌਤ ਦੀ ਚਲ ਰਹੀ ਲੜਾਈ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀ ਸੂਝ-ਬੂਝ ਅਤੇ ਸੰਜਮ ਨਾਲ ਕਦਮ ਉਠਾਉਣ ਦੀ ਲੋੜ ਹੈ। ਤੇ ਪਟਿਆਲਾ ਦੇ ਸਨੌਰ ਸਬਜ਼ੀ ਮੰਡੀ ਵਿਖੇ ਪੁਲੀਸ ਅਤੇ ਨਿਹੰਗ ਸਿੰਘਾਂ ਵਿੱਚ ਹੋਈ ਝੜਪ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਚੋਂ 11 ਨਿਹੰਗ ਸਿੰਘਾਂ ਵਿਚੋਂ ਸਿੱਖ ਬੀਬੀ ਸਮੇਤ 4 ਨੂੰ ਸਰਕਾਰ ਵੱਲੋਂ ਰਿਹਾਅ ਕਰਨ ਦਾ ਸਵਾਗਤ ਕੀਤਾ ਹੈ। ਉੱਥੇ ਹੀ ਉਨ੍ਹਾਂ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰਨ ਦੇ ਸੰਬੰਧ ਵਿੱਚ ਢਾਡੀ ਜਸਵੀਰ ਸਿੰਘ ਮਾਨ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕਰਦਿਆਂ ਗ੍ਰਿਫ਼ਤਾਰ ਕਰਨ ‘ਤੇ ਚਿੰਤਾ ਜਤਾਈ ਹੈ।

ਪ੍ਰੋਫ਼ੈਸਰ ਸਰਚਾਂਦ ਸਿੰਘ ਨੇ ਦੱਸਿਆ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਟਕਰਾਓ ਦੇ ਮਾਮਲੇ ‘ਚ ਗ੍ਰਿਫ਼ਤਾਰਨ 11 ਨਿਹੰਗ ਸਿੰਘਾਂ ਵਿਚੋਂ 4 ਜਿਨ੍ਹਾਂ ਵਿੱਚ ( ਬੀਬੀ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ, ਬਲਬੇਰਾ, ਜਸਵੰਤ ਸਿੰਘ ਵਾਸੀ ਚਮਾੜੂ, ਦਰਸ਼ਨ ਸਿੰਘ ਵਾਸੀ ਪਟਿਆਲਾ ਅਤੇ ਨਨਾ ਸਿੰਘ ਕਲਰ ਭੈਣੀ ) ਸੰਬੰਧੀ ਅਦਾਲਤ ਵਿਚੋਂ ਰਿਹਾਈ ਦੇ ਹੁਕਮ ਪ੍ਰਾਪਤ ਕਰਦਿਆਂ ਰਿਹਾਅ ਕਰਨ ਨੂੰ ਸਰਕਾਰ ਦਾ ਚੰਗਾ ਫ਼ੈਸਲਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਪਰਿਵਾਰਾਂ ਦੀਆਂ ਇਸਤਰੀਆਂ ਅਤੇ ਬੇਗੁਨਾਹ ਨੂੰ ਹਿਰਾਸਤ ਵਿੱਚ ਲੈਣਾ ਬਿਲਕੁਲ ਅਯੋਗ ਸੀ ਅਤੇ ਪੇਸ਼ੀ ਮੌਕੇ ਸਿੰਘਾਂ ਨੂੰ ਬਿਨਾ ਦਸਤਾਰ ਲੈ ਕੇ ਆਉਣ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜੀਵਨ ਮੌਤ ਦੀ ਚਲ ਰਹੀ ਲੜਾਈ ਵਿਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀ ਸੂਝ ਬੂਝ ਅਤੇ ਸੰਜਮ ਨਾਲ ਕਦਮ ਉਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਨੇ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੀ ਔਖੀ ਘੜੀ ਵਿੱਚ ਹਜ਼ਾਰਾਂ ਪੁਲੀਸ ਮੁਲਾਜ਼ਮ ਅਤੇ ਸਰਕਾਰੀ ਅਮਲਾ ਆਪਣੇ ਪਰਿਵਾਰਾਂ ਅਤੇ ਸਨੇਹੀਆਂ ਨੂੰ ਛੱਡ ਕੇ ਮਨੁੱਖਤਾ ਲਈ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਕੇ ਡਿਊਟੀਆਂ ਦੇ ਰਹੇ ਹਨ, ਜਿਨ੍ਹਾਂ ਦਾ ਸਨਮਾਨ ਰਖਿਆ ਜਾਣਾ ਅਤੇ ਉਨ੍ਹਾਂ ਨੂੰ ਸਹਿਯੋਗ ਦਿਤਾ ਜਾਣਾ ਸਾਡੇ ਸਭ ਦਾ ਫ਼ਰਜ਼ ਹੈ।

ਇਸੇ ਦੌਰਾਨ ਉਨ੍ਹਾਂ ਪਟਿਆਲਾ ਦੇ ਘਟਨਾ ਨੂੰ ਲੈ ਕੇ ਜਜ਼ਬਾਤੀ ਵੀਡੀਓ ਵਾਇਰਲ ਕਰ ਦਿਆਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਨੌਜਵਾਨ ਢਾਡੀ ਸਿੰਘ ਭਾਈ ਜਸਵੀਰ ਸਿੰਘ ਮਾਨ ‘ਤੇ ਬਾਬਾ ਬਕਾਲਾ ਸਾਹਿਬ ਪੁਲੀਸ ਵੱਲੋਂ ਕੇਸ ਦਰਜ ਕਰਦਿਆਂ ਗ੍ਰਿਫ਼ਤਾਰ ਕਰਨ ਨੂੰ ਕਾਹਲੀ ਨਾਲ ਲਿਆ ਗਿਆ ਫ਼ੈਸਲਾ ਕਰਾਰ ਦਿਤਾ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਢਾਡੀ ਮਾਨ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਨੌਜਵਾਨ ਢਾਡੀ ਮਾਨ ਦਾ ਮਾਮਲਾ ਜਜ਼ਬਾਤੀ ਹੈ। ਕੇਸ ਦਰਜ ਕਰਦਿਆਂ ਬੇਲੋੜੀ ਗ੍ਰਿਫ਼ਤਾਰੀ ਨਾਲ ਪ੍ਰਸ਼ਾਸਨ ਪ੍ਰਤੀ ਸੰਗਤ ਵਿੱਚ ਗਲਤ ਪ੍ਰਭਾਵ ਜਾਂ ਰਿਹਾ ਹੈ ਅਤੇ ਹਾਲਾਤ ਵਿੱਚ ਕੁੜੱਤਣ ਪੈਦਾ ਹੋਵੇਗੀ। ਅਜਿਹੇ ਮਾਮਲਿਆਂ ਨੂੰ ਸੰਜਮ ਸਿਆਣਪ ਅਤੇ ਨਿੱਜੀ ਪਹੁੰਚ ਅਪਣਾ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਢਾਡੀ ਮਾਨ ਦੇ ਕੇਸ ਦੀ ਕਾਨੂੰਨੀ ਪੈਰਵਾਈ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜੈਬ ਸਿੰਘ ਅਭਿਆਸੀ, ਗਿਆਨੀ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਤੇ ਪ੍ਰੋਫੈਸਰ ਸਰਚਾਂਦ ਸਿੰਘ ਵੀ ਹਾਜ਼ਰ ਸਨ।