‘ਦ ਖ਼ਾਲਸ ਬਿਊਰੋ- ਪੂਰੇ ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਕੇਸਾਂ ‘ਤੇ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵੱਖ-ਵੱਖ ਚੌਂਕਾਂ ਵਿੱਚ ਭੀਖ ਮੰਗਦੇ ਮੰਗਤਿਆਂ ਤੋਂ ਵੀ ਕੋਰੋਨਾਵਾਇਰਸ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸ ਦੌਰਾਨ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਲੋਕਾਂ ਨੂੰ ਮੰਗਤਿਆਂ ਨੂੰ ਭੀਖ ਨਾ ਦੇਣ ਅਤੇ ਉਨ੍ਹਾਂ ਤੋਂ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਚਲੇ ਟਰੈਫ਼ਿਕ ਲਾਈਟ ’ਤੇ ਭੀਖ ਮੰਗਣ ਵਾਲੇ ਲੋਕ ਆਮ ਨਜ਼ਰ ਆਉਂਦੇ ਹਨ ਅਤੇ ਇਹ ਲੋਕ ਰੋਜ਼ਾਨਾ ਸੈਂਕੜੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਕੋਰੋਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੰਗਤੇ ਨੂੰ ਭੀਖ ਦੇਣੀ ਹੈ ਤਾਂ ਸਮਾਜਿਕ ਦੂਰੀ ਦੇ ਨਿਯਮਾਂ ਦਾ ਖਿਆਲ ਰੱਖਿਆ ਜਾਵੇ।
ਪਰੀਦਾ ਨੇ ਕਿਹਾ ਕਿ ਭੀਖ ਮੰਗਣਾ ਅਪਰਾਧ ਨਹੀਂ ਹੈ। ਇਸ ਲਈ ਕਿਸੇ ਵੀ ਮੰਗਤੇ ਨੂੰ ਜੇਲ੍ਹ ਵਿੱਚ ਨਹੀਂ ਭੇਜਿਆ ਜਾ ਸਕਦਾ। ਪ੍ਰਸ਼ਾਸਨ ਵੱਲੋਂ ਕਈ ਵਾਰ ਮੰਗਤਿਆਂ ਨੂੰ ਸ਼ੈਲਟਰਹੋਮ ਵਿੱਚ ਭੇਜਿਆ ਜਾਂਦਾ ਹੈ ਪਰ ਉਹ ਭੀਖ ਮੰਗਣ ਦੇ ਲਾਲਚ ਵਿੱਚ ਉੱਥੋਂ ਭੱਜ ਜਾਂਦੇ ਹਨ। ਭੀਖ ਮੰਗਣ ਵਾਲੇ ਵਾਹਨਾਂ ਨੂੰ ਹੱਥ ਲਗਾਉਂਦੇ ਰਹਿੰਦੇ ਹਨ ਜਿਸ ਨਾਲ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੇ ਚੌਂਕਾਂ ‘ਤੇ ਮੰਗਤਿਆਂ ਅਤੇ ਅਣਪਛਾਤੇ ਵਿਅਕਤੀਆਂ ਤੋਂ ਦੂਰੀ ਕਾਇਮ ਰੱਖਣ ਦੀ ਅਪੀਲ ਕੀਤੀ।