ਚੰਡੀਗੜ੍ਹ ਬਿਊਰੋ:- ਨਵਾਂਸ਼ਹਿਰ ਜ਼ਿਲੇ ‘ਚ ਪੈਂਦੇ ਕਸਬਾ ਬੰਗਾ ਦੇ ਪਿੰਡ ਪਠਲਾਵਾ ਵਿਚ ਕਰੋਨਾਵਾਇਰਸ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਮਗਰੋਂ ਗੁਆਂਢੀ ਪਿੰਡ ਮੋਰਾਂਵਾਲੀ ਤੋਂ ਵੀ ਖਬਰ ਚੰਗੀ ਨਹੀਂ ਹੈ। ਮੋਰਾਂਵਾਲੀ ਵਿੱਚ ਕੋਰੋਨਾਵਾਇਰਸ ਦੇ ਛੇ ਸ਼ੱਕੀ ਮਰੀਜ਼ ਸਾਹਮਣੇ ਆਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚਲੇ ਇਕਾਂਤ ਕੇਂਦਰ ’ਚ ਭੇਜਿਆ ਗਿਆ ਹੈ।
ਮੋਰਾਂਵਾਲੀ ਦਾ ਵਸਨੀਕ ਹਰਭਜਨ ਸਿੰਘ ਪਠਲਾਵਾ ਪਿੰਡ ਦੇ ਗੁਰਦੁਆਰੇ ਵਿੱਚ ਪਾਠੀ ਹੈ, ਜੋ ਕੋਰੋਨਾਵਾਇਰਸ ਨਾਲ ਫੌਤ ਹੋਏ ਪਠਲਾਵਾ ਪਿੰਡ ਦੇ ਗੁਰਦੇਵ ਸਿੰਘ ਦੇ ਸੰਪਰਕ ’ਚ ਸੀ। ਸੰਬੰਧਿਤ ਗੁਰਦੁਆਰੇ ਦੇ ਸੰਤ ਸਿੰਘ ਸਮੇਤ 3 ਹੋਰ ਵਿਅਕਤੀ ਵਿਦੇਸ਼ ਯਾਤਰਾ ਤੋਂ ਪਰਤੇ ਸਨ।
ਹਰਭਜਨ ਸਿੰਘ ਦੇ ਬੁਖਾਰ ਅਤੇ ਖੰਘ ਤੋਂ ਪੀੜਤ ਹੋਣ ਮਗਰੋਂ ਵੀਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਹਰਭਜਨ ਸਿੰਘ, ਉਨ੍ਹਾਂ ਦੀ ਪਤਨੀ, ਨੂੰਹ, ਪੁੱਤਰ, ਪੋਤਰੇ ਅਤੇ ਪੋਤਰੀ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ। ਇਸਦੇ ਨਾਲ ਹੀ ਸੁਰੱਖਿਆ ਵਜੋਂ ਮੋਰਾਂਵਾਲੀ ਨਾਲ ਲੱਗਦੇ ਕਰੀਬ ਛੇ ਪਿੰਡਾਂ ਨੂੰ ਸੀਲ ਕੀਤਾ ਗਿਆ, ਇੱਥੇ ਕਰਫਿਊ ਵਰਗੇ ਹਾਲਾਤ ਬਣੇ ਹੋਏ ਹਨ।