‘ਦ ਖਾਲਸ ਬਿਊਰੋ – ਚੰਡੀਗੜ੍ਹ ਵਿੱਚ ਸਿੱਖ ਬੁੱਧੀਜੀਵੀਆਂ ਨੇ ਮੁਲਕ ਦੇ ਮੀਡੀਆ ਖਿਲਾਫ ਮਹਾਂਮਾਰੀ ਦੀ ਆੜ ਵਿੱਚ ਪਹਿਲਾਂ ਮੁਸਲਮਾਨਾਂ ਅਤੇ ਹੁਣ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਾਉਂਦਿਆ ਵਿਰੋਧ ਕੀਤਾ। ਬੁੱਧੀਜੀਵੀਆ ਮੁਤਾਬਕ ਮੁਲਕ ਦਾ ਬਹੁਗਿਣਤੀ ਮੀਡੀਆ ਅਚਾਨਕ ਲਾਏ ਗਏ ਲਾਕਡਾਊਨ ਕਾਰਨ ਮੁਲਕ ਦੀਆਂ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਕਰੋੜਾਂ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਲੋਕਾਂ ਨੂੰ ਫਸਾਉਣ ਵਾਲੀ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਘੱਟਗਿਣਤੀ ਮੁਸਲਿਮ ਅਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ‘ਤੇ ਤੁਲਿਆ ਹੈ।

ਮਹਾਂਮਾਰੀ ਦੀ ਇਸ ਘੜੀ ‘ਚ ਮੀਡੀਆ ਦਾ ਇਹ ਵਿਹਾਰ ਲੋਕਾਂ ਦਾ ਅਪਰਾਧਿਕ ਤੌਰ ‘ਤੇ ਸ਼ੋਸ਼ਣ ਕਰਨ ਬਰਾਬਰ ਹੈ। ਮੀਡੀਆ ਨੇ ਇਸ ਤੋਂ ਪਹਿਲਾਂ ਮੁਸਲਮਾਨਾਂ ਵਿਰੁੱਧ’ (ਤਬਲੀਗੀ ਜਿਹਾਦ) ‘ਵਰਗੀ ਅਤਿਵਾਦ ਨਾਲ ਸਬੰਧਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਰਾਜਨੀਤਿਕ ਤੌਰ’ ਤੇ ਪ੍ਰੇਰਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਮੋਦੀ ਸਰਕਾਰ ਦੇ ਤਲੇ ਚੱਟਣ ਵਾਲਾ ਮੀਡੀਆ ਸਿੱਖ ਸ਼ਰਧਾਲੂਆਂ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ।

ਮੀਡੀਆ ਨੇ ਇਸ ਲੁਕਵੇਂ ਏਜੰਡੇ ਦੀ ਸ਼ੁਰੂਆਤ ਐਨ.ਆਰ.ਆਈ ਬਲਦੇਵ ਸਿੰਘ ਨੂੰ ਪੰਜਾਬ ਵਿੱਚ ਕੋਰੋਨਾ ਫੈਲਾਉਣ ਤੋਂ ਸ਼ੁਰੂ ਕੀਤੀ, ਜਦਕਿ ਬਲਦੇਵ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਘਟੀਆ ਪ੍ਰਬੰਧਾਂ ਕਾਰਨ ਆਪਣੀ ਜਾਨ ਗੁਆਉਣੀ ਪਈ। ਮੀਡੀਆ ਦੇ ਇਸ ਰਵੱਈਏ ਬਾਰੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਹੈ ਕਿ ”ਇਹ ਸਭ ਇੱਕ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ, ਪਹਿਲਾਂ ਤਬਲੀਗੀ ਜਮਾਤ ਰਾਹੀਂ ਮੁਲਸਿਮ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਅਤੇ ਹੁਣ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਕੋਰੋਨਾਵਾਇਰਸ ਦਾ ਕੇਂਦਰ ਬਣਾ ਕੇ ਪੇਸ਼ ਕਰਨ ਦੀ ਮੁਹਿੰਮ ਚਲਾ ਦਿੱਤੀ ਗਈ ਹੈ।”

ਬੁੱਧੀਜੀਵੀਆਂ ਮੁਤਾਬਕ ਇਹ ਸਾਰਾ ਮਾਹੌਲ ਕੇਂਦਰ ਦੀਆਂ ਗਲਤੀਆਂ ਨੂੰ ਲੁਕਾਉਣ ਲਈ ਕੀਤਾ ਜਾ ਰਿਹਾ ਹੈ ਜਦਿਕ ਕੇਂਦਰ ਸਰਕਾਰ ਜੋ ਇੱਕ-ਦੂਜੀ ਥਾਂ ‘ਤੇ ਫਸੇ ਲੋਕਾਂ ਨੂੰ ਆਪੋ ਆਪਣੇ ਘਰਾਂ ਚ ਲਿਜਾਣ ਲਈ ਸੂਬਾ ਸਰਕਾਰਾਂ ਨੂੰ ਪ੍ਰਬੰਧ ਕਰਨ ਲਈ ਕਹਿ ਰਹੀ ਹੈ, ਇਹ 24 ਮਾਰਚ ਨੂੰ ਤਾਲਾਬੰਦੀ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਸੀ। ਜੇ ਤਾਲਾਬੰਦੀ ਤੋਂ ਪਹਿਲਾਂ ਉਹ ਕਦਮ ਚੁੱਕਿਆ ਗਿਆ ਹੁੰਦਾ ਤਾਂ 45 ਦਿਨਾਂ ਵਿਚ ਕਰੋੜਾਂ ਲੋਕ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਚ ਜਾਂਦੇ।

ਬੁੱਧੀਜੀਵੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਹਜ਼ੂਰ ਸਾਹਿਬ ਤੋਂ ਮੁੜੀ ਸੰਗਤ ਨੂੰ ਰਾਧਾ ਸੁਆਮੀਆਂ ਦੇ ਡੇਰੇ ਵਿਚਲੇ ਘਟੀਆ ਪ੍ਰਬੰਧਾਂ ਵਿੱਚ ਰੱਖਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਰਿਹਾਇਸ਼ੀ ਖੇਤਰਾਂ ਵਿੱਚ ਰੱਖਿਆ ਜਾਵੇ। ਸਿੱਖ ਬੁੱਧੀਜੀਵੀਆਂ ਗੁਰਤੇਜ ਸਿੰਘ ਆਈ.ਏ.ਐੱਸ., ਬੀਬੀ ਪਰਮਜੀਤ ਕੌਰ ਖਾਲੜਾ, ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਡਾ: ਕੁਲਦੀਪ ਸਿੰਘ ਪਟਿਆਲਾ, ਗਲੋਬਲ ਸਿੱਖ ਆਰਗੇਨਾਈਜ਼ੇਸ਼ਨ ਤੋਂ ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਭਾਈ ਨਰਾਇਣ ਸਿੰਘ, ਗ੍ਰੁਬਚਨ ਸਿੰਘ, ਸੰਪਾਦਕ ਦੇਸ ਪੰਜਾਬ, ਮਨਜੀਤ ਸਿੰਘ, ਅਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਸਿੱਧੂ ਨੇ ਸਾਂਝੇ ਤੌਰ ਤੇ ਇਹ ਬਿਆਨ ਜਾਰੀ ਕੀਤਾ।