ਚੰਡੀਗੜ੍ਹ ( ਪੁਨੀਤ ਕੌਰ )- ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਕੁਝ ਜਰੂਰੀ ਅਦਾਰਿਆਂ ਨੂੰ ਛੱਡ ਕੇ ਬਾਕੀ ਸਭ ਕੁੱਝ ਬੰਦ ਹੈ। ਪਰ ਰਾਸ਼ਨ ਦੇ ਥੈਲਿਆ ‘ਤੇ ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਤਸਵੀਰਾਂ ਛਾਪਣ ਵਾਲੇ ਅਦਾਰੇ ਜਰੂਰ ਖੁੱਲੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਅਤੇ ਨਿੱਜੀ ਸੰਸਥਾਵਾਂ ਨੂੰ ਰਾਜਨੀਤੀ ਅਤੇ ਨਿੱਜੀ ਮੁਫਾਦਾਂ ਤੋਂ ਉਪਰ ਉਠ ਕੇ ਇਸ ਭਿਆਨਕ ਬੀਮਾਰੀ ਨਾਲ ਜੂਝਣ ਦਾ ਸੱਦਾ ਦਿੱਤਾ ਉੱਥੇ ਖੁਦ ਦਾ ਨਾਮ ਚਮਕਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਮੁਹੱਈਆ ਕੀਤੇ ਜਾ ਰਹੇ ਰਾਸ਼ਨ ਅਤੇ ਸਮਾਨ ਸਮੱਗਰੀ ਉਤੇ ਆਪਣੀ ਫੋਟੋ ਛਪਵਾ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਰਾਜਨੀਤੀ ਤੋਂ ਸਨਿਆਸ ਲੈ ਲੈਣ ਦੀ ਗੱਲ ਕਰਨ ਵਾਲੇ ਕੈਪਟਨ ਸਾਹਿਬ ਇਸ ਔਖੀ ਘੜੀ ਵਿਚ ਆਪਣਾ ਨਾਮ ਚਮਕਾਉਣ ਲਈ ਨਿਗੁਣਾ ਅਵਸਰ ਵੀ ਗਵਾਉਣਾ ਨਹੀਂ ਚਾਹੁੰਦੇ।

 

ਇਸ ਤੋਂ ਪੰਜਾਬ ਸਰਕਾਰ ਦੇ ਜਨਤਾ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਵਿਆਂ ਪ੍ਰਤੀ ਗੰਭੀਰ ਮਾਨਸਿਕਤਾ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਜਿੱਥੇ ਦਾਨੀ ਸੱਜਣਾਂ ਨੂੰ ਫੋਟੋਆਂ ਖਿਚਵਾਉਣ ਤੋਂ ਗੁਰੇਜ ਕਰਨ ਲਈ ਕਿਹਾ ਜਾ ਰਿਹਾ ਉਥੇ ਕੈਪਟਨ ਸਾਹਿਬ ਉਚੇਚੇ ਤੋਰ ‘ਤੇ ਫੋਟੋਆਂ ਲਗਾ ਰਹੇ ਹਨ।

ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ-ਮੰਤਰੀ ਤੇ ਉਪ ਮੁੱਖ ਮੰਤਰੀ ਵੀ ਕਿਸੇ ਤੋਂ ਘੱਟ ਨਹੀਂ ਰਹੇ। ਇਹਨਾਂ ਦੋਵਾਂ ਦੀ ਤਸਵੀਰ ਸੈਨੇਟਾਇਜ਼ਰ ਤੇ ਖੂਬ ਚਮਕ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਘੱਟ ਨਹੀਂ ਹਨ। ਵੰਡੇ ਜਾਣ ਵਾਲੇ ਰਾਸ਼ਨ ‘ਤੇ ਤਾਂ ਮੋਦੀ ਕਿੱਟ ਹੀ ਲਿੱਖ ਦਿੱਤਾ।

 

 

ਲੋਕਤੰਤਰ ਰਾਹੀਂ ਚੁਣੀ ਪੰਜਾਬ ਸਰਕਾਰ ਇਕ ਸੰਸਥਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਇਕ ਵਿਅਕਤੀਗਤ ਸਖਸੀਅਤ ਹਨ। ਲੋਕਾਂ ਦੇ ਦਾਨ, ਟੈਕਸ ਰਾਹੀਂ ਜਮਾਂ ਫੰਡਾਂ ਵਿਚੋਂ ਲੋਕਾਂ ਲਈ ਦਿੱਤੀ ਜਾ ਰਹੀ ਸਮੱਗਰੀ ਉਪਰ ਕਿਸੇ ਵਿਅਕਤੀਗਤ ਵੱਲੋਂ ਆਪਣੀ ਫੋਟੋ ਲਗਾ ਦੇਣਾ ਨੈਤਿਕਤਾ ਦੇ ਖਾਲੀਪਨ ਦਾ ਸਬੂਤ ਹੈ। ਬਿਹਤਰ ਹੁੰਦਾ ਜੇਕਰ ਫੋਟੋ ਦੀ ਥਾਂ ਜਰੂਰੀ ਜਾਣਕਾਰੀ ਲਿੱਖ ਦਿੱਤੀ ਜਾਂਦੀ।