Punjab

ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੋ ਧਿਰਾਂ ਭਿੜੀਆਂ

ਚੰਡੀਗੜ੍ਹ- (ਪੁਨੀਤ ਕੌਰ) ਅੱਜ ਦਲ ਖ਼ਾਲਸਾ ਨੇ ਸ਼੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਸੰਮਤ 552 ਜਾਰੀ ਕੀਤਾ ਹੈ। ਇਸ ਕੈਲੰਡਰ ਨੂੰ ਜਾਰੀ ਕਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕੰਪਲੈਕਸ ਅੰਦਰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਦਲ ਖ਼ਾਲਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਸਕ ਫੋਰਸ ਵਿਚਾਲੇ ਹੱਥੋਪਾਈ ਹੋ ਗਈ ਸੀ। ਦਲ ਖ਼ਾਲਸਾ ਵੱਲੋਂ ਨਾਨਕਸ਼ਾਹੀ ਕੈਲੰਡਰ ਰਿਲੀਜ਼  ਕੀਤਾ ਜਾ ਰਿਹਾ ਸੀ ਜਿਸ ਦੌਰਾਨ ਸ਼੍ਰੀ ਦਰਬਾਰ ਸਾਹਿਬ ਪਰਿਸਰ ਵਿੱਚ ਹੀ ਦੋਵਾਂ ਧਿਰਾਂ ਭਿੜ ਗਈਆਂ। ਕੈਲੰਡਰ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਲੱਗੀ ਹੋਈ ਹੈ ਅਤੇ “ਥੈਂਕ ਯੂ ਪਾਕਿਸਤਾਨ” ਵੀ ਲਿਖਿਆ ਹੋਇਆ ਹੈ। ਇਹ ਕੈਲੰਡਰ ਕਰਤਾਰਪੁਰ ਲਾਂਘੇ ਨੂੰ ਸਮਰਪਿਤ ਸੀ।

ਦਲ ਖ਼ਾਲਸਾ ਵੱਲੋਂ ਆਪਣਾ ਕੈਲੰਡਰ ਰਿਲੀਜ਼ ਕਰਨ ਲਈ ਮੀਡੀਆ ਨੂੰ 12:30 ਵਜੇ ਦਾ ਸਮਾਂ ਦਿੱਤਾ ਗਿਆ ਸੀ। ਦਲ ਖ਼ਾਲਸਾ ਜਦੋਂ ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਪਹੁੰਚੇ ਤਾਂ ਉਨ੍ਹਾਂ ਨੇ ਅਕਾਲ ਤਖ਼ਤ ਸਕੱਤਰੇਤ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਦਲ ਖ਼ਾਲਸਾ ਵੱਲੋਂ ਸਕੱਤਰੇਤ ਦੇ ਪ੍ਰਵੇਸ਼ ਦੁਆਰ ‘ਤੇ ਖੜੇ ਹੋ ਕੇ ਕੈਲੰਡਰ ਰਿਲੀਜ਼ ਕੀਤਾ ਜਾਣ ਲੱਗਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ ਦਲ ਖ਼ਾਲਸਾ ਵਿੱਚ ਝੜ੍ਹਪ ਹੋ ਗਈ ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦਲ ਖ਼ਾਲਸਾ ਕੋਲੋਂ ਕੈਲੰਡਰ ਖੋਹਣ ਲੱਗ ਪਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਕੈਲੰਡਰ ਤੋਂ ਇਤਰਾਜ਼ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਨਾਨਕਸ਼ਾਹੀ ਕੈਲੰਡਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਕੀਤਾ ਗਿਆ ਹੈ,ਸਮੁੱਚੀ ਸਿੱਖ ਕੌਮ ਨੂੰ ਉਹੀ ਕੈਲੰਡਰ ਮੰਨਣਾ ਚਾਹੀਦਾ ਹੈ ਅਤੇ ਇਸ ਕੈਲੰਡਰ ਦੇ ਮੁਤਾਬਿਕ ਹੀ ਗੁਰੂ ਸਾਹਿਬਾਨਾਂ ਦੇ ਸਾਰੇ ਦਿਹਾੜੇ ਮਨਾਏ ਜਾਣੇ ਚਾਹੀਦੇ ਹਨ। ਇਸ ‘ਤੇ ਦਲ ਖ਼ਾਲਸਾ ਦਾ ਤਰਕ ਹੈ ਕਿ ਇਹ ਕੈਲੰਡਰ 2003 ਦੇ ਵਿੱਚ ਉਸ ਸਮੇਂ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਕੀਤਾ ਗਿਆ ਸੀ।

ਇਸ ਘਟਨਾ ਤੋਂ ਬਾਅਦ ਦਲ ਖ਼ਾਲਸਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਦਿੱਤਾ। ਦਲ ਖ਼ਾਲਸਾ ਦੇ ਬੁਲਾਰੇ  ਕੰਵਰਪਾਲ ਸਿੰਘ ਬਿੱਟੂ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਸਿੱਖ ਪੰਥ ਨੇ ਇਸ ਮੂਲ ਨਾਨਕਸ਼ਾਹੀ ਕੈਲੰਡਰ ਦੇ ਤਹਿਤ ਲੰਮਾ ਸਮਾਂ ਆਪਣੇ ਦਿਨ-ਤਿਉਹਾਰ ਮਨਾਏ ਹਨ। ਉਨ੍ਹਾਂ ਕਿਹਾ ਕਿ 2010 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੇਵਾਦਾਰ ਗਿਆਨੀ ਗੁਰਬਚਨ ਸਿੰਘ,ਜੋ ਬਾਅਦ ਵਿੱਚ ਵਿਵਾਦਿਤ,ਦਾਗੀ ਹੋ ਗਏ ਸਨ,ਉਨ੍ਹਾਂ ਨੇ ਇਸ ਕੈਲੰਡਰ ਦੀ ਸੋਧ ਕਰਕੇ ਇਸਦੇ ਨਿਵੇਕਲੇਪਨ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਹੌਲੀ-ਹੌਲੀ ਇਸਨੂੰ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਗਿਆ।

ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਸਿੱਖ ਪੰਥ ਨਾਲ ਇੱਕ ਧੋਖਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਜਥੇਦਾਰ ਦਾ ਫਰਜ਼ ਹੈ ਕਿ ਉਹ ਆਪਣੇ ਤੋਂ ਪਿਛਲੇ ਜਥੇਦਾਰ ਦੀ ਗਲਤੀ ਨੂੰ ਸੁਧਾਰਨ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਇਸ ਕੈਲੰਡਰ ਕਰਕੇ 10 ਸਾਲਾਂ ਤੋਂ ਵੰਡੀ ਦਾ ਸ਼ਿਕਾਰ ਹੋ ਰਹੀ ਹੈ ਅਤੇ ਇਸ ਕਰਕੇ ਬਹੁਤ ਥਾਂਵਾਂ ‘ਤੇ ਗੁਰਪੁਰਬ ਦੋ-ਦੋ ਵਾਰ ਮਨਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਦਲ ਖ਼ਾਲਸਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਹਨ।