Punjab

ਮੁਹਾਲੀ ‘ਚ ਪੰਜ ਹੋਰ ਮਰੀਜ਼ ਠੀਕ ਹੋਏ

‘ਦ ਖ਼ਾਲਸ ਬਿਊਰੋ :- ਸਿਹਤ ਵਿਭਾਗ ਦੇ ਉਪਰਾਲਿਆਂ ਸਦਕਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕੋਰੋਨਾਵਾਇਰਸ ਦੀ ਮਹਾਂਮਾਰੀ ਨੂੰ ਠੱਲ੍ਹ ਪੈਣੀ ਸ਼ੁਰੂ ਹੋ ਗਈ ਹੈ। ਅੱਜ ਪੰਜ ਹੋਰ ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤ ਲਈ ਹੈ। ਸਮੁੱਚੇ ਜ਼ਿਲ੍ਹੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 27 ਹੋ ਗਈ ਹੈ। ਅੱਜ ਇੱਥੇ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਠੀਕ ਹੋਣ ਵਾਲੇ ਪੰਜ ਮਰੀਜ਼ਾਂ ’ਚੋਂ ਦੋ ਮਰੀਜ਼ ਇੱਥੋਂ ਦੇ ਫੇਜ਼-9, ਦੋ ਮਰੀਜ਼ ਪਿੰਡ ਜਵਾਹਰਪੁਰ (ਡੇਰਾਬੱਸੀ) ਅਤੇ ਇਕ ਮਰੀਜ਼ ਮੁੰਡੀ ਖਰੜ ਨਾਲ ਸਬੰਧਤ ਹੈ। ਇਹ ਸਾਰੇ ਮਰੀਜ਼ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਵਿੱਚ ਦਾਖਲ ਸਨ, ਜਿਨ੍ਹਾਂ ਨੂੰ 28 ਦਿਨਾਂ ਦੇ ਇਲਾਜ ਮਗਰੋਂ ਅੱਜ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ਦੇ ਇਲਾਜ ਦੌਰਾਨ ਵਾਰੋ ਵਾਰੀ ਦੋ-ਦੋ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਦੋਵੇਂ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਜਵਾਹਰਪੁਰ ਨਾਲ ਸਬੰਧਤ ਪੰਜ ਮਰੀਜ਼ 21 ਅਪਰੈਲ ਅਤੇ 8 ਮਰੀਜ਼ 26 ਅਪਰੈਲ ਨੂੰ ਠੀਕ ਹੋ ਗਏ ਸਨ। ਇਨ੍ਹਾਂ ਨੂੰ ਸਾਵਧਾਨੀ ਵਜੋਂ ਇੱਥੋਂ ਦੇ ਸੈਕਟਰ-70 ਸਥਿਤ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ’ਚ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸੋਮਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ ਵਿੱਚ ਏਕਮਵੀਰ ਕੌਰ (11), ਉਸ ਦੀ ਨਾਨੀ ਜਗਦੀਸ਼ ਕੌਰ (76), ਹਰਜਿੰਦਰ ਸਿੰਘ (26), ਸੁਰਜੀਤ ਕੌਰ (53) ਅਤੇ ਰਾਜਿੰਦਰ ਪਾਲ ਸ਼ਰਮਾ (73) ਸ਼ਾਮਲ ਹਨ। ਅੱਜ ਠੀਕ ਹੋਣ ਵਾਲੇ ਦੋ ਮਰੀਜ਼ਾਂ ਨੂੰ ਵੀ ਹਾਲੇ 14 ਦਿਨਾਂ ਲਈ ਉਕਤ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ ਜਦੋਂਕਿ ਬਾਕੀ ਤਿੰਨ ਮਰੀਜ਼ਾਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਜਵਾਹਰਪੁਰ ਦੇ 22 ਮਰੀਜ਼ਾਂ ਸਮੇਤ ਹਸਪਤਾਲ ਵਿੱਚ 28 ਕਰੋਨਾ ਮਰੀਜ਼ ਮੌਜੂਦ ਹਨ, ਜਿਨ੍ਹਾਂ ਦਾ ਹਸਪਤਾਲ ਦੀਆਂ ਡਾਕਟਰੀ ਟੀਮਾਂ ਵੱਲੋਂ ਪੂਰੀ ਤਨਦੇਹੀ ਨਾਲ ਇਲਾਜ ਕੀਤਾ ਜਾ ਰਿਹਾ ਹੈ। ਕੁੱਝ ਮਰੀਜ਼ਾਂ ਦੇ ਹੋਰ ਸੈਂਪਲ ਟੈਸਟ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

ਵਿਧਾਇਕ ਬੇਰੀ ਤੇ ਪੰਜ ਪੱਤਰਕਾਰਾਂ ਸਣੇ 185 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ:
ਕਰੋਨਾਵਾਇਰਸ ਦੀ ਮਾਰ ਹੇਠ ਆਏ ਜਲੰਧਰ ਸ਼ਹਿਰ ਦੇ 185 ਵਿਅਕਤੀਆਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਇਨ੍ਹਾਂ ਵਿੱਚ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਤੇ ਵੱਖ-ਵੱਖ ਅਖ਼ਬਾਰਾਂ ਦੇ ਪੰਜ ਪੱਤਰਕਾਰ ਵੀ ਸ਼ਾਮਿਲ ਹਨ। ਨਗਰ ਨਿਗਮ ਦੇ ਸਿਹਤ ਅਫ਼ਸਰ ਕ੍ਰਿਸ਼ਨ, ਸੁਪਰਡੈਂਟ ਇੰਜਨੀਅਰ ਰਜਨੀਸ਼ ਅਰੋੜਾ, ਸਤਿੰਦਰ ਮਹਾਜਨ ਤੇ ਹੋਰ ਮੁਲਾਜ਼ਮਾਂ ਦੀ ਰਿਪੋਰਟ ਵੀ ਨੈਗੇਟਿਵ ਆਉਣ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਨਗਰ ਨਿਗਮ ਦੀ ਬੀਟ ਕਰਨ ਵਾਲੇ ਵੱਖ-ਵੱਖ ਅਖਬਾਰਾਂ ਦੇ ਪੰਜ ਪੱਤਰਕਾਰਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਦਾ ਹੌਸਲਾ ਵਧਿਆ ਹੈ।