Punjab

ਮੀਂਹ ਤੇ ਗੜਿਆਂ ਨੇ ਝੰਬੀਆਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ

‘ਦ ਖ਼ਾਲਸ ਬਿਊਰੋ :- ਦੱਖਣੀ ਪੰਜਾਬ ’ਚ ਬਿਤੇ ਦਿਨ ਤੇਜ਼ ਝੱਖੜ ਤੇ ਬਾਰਿਸ਼ ਨੇ ਵਾਢੀ ਦੇ ਆਖਰੀ ਪੜਾਅ ’ਚ ਖੜ੍ਹੀ ਕਣਕ ਦੀ ਫ਼ਸਲ ਨੂੰ ਝੰਬ ਦਿੱਤਾ ਹੈ। ਅੱਧੀ ਦਰਜ਼ਨ ਜ਼ਿਲ੍ਹਿਆਂ ’ਚ ਸ਼ਾਮ ਵੇਲੇ ਮੀਂਹ ਪਿਆ ਜਿਸ ਨੇ ਰਹਿੰਦੀ ਵਾਢੀ ਨੂੰ ਬਰੇਕ ਲਾ ਦਿੱਤੀ ਹੈ। ਸਮੇਟਣ ’ਤੇ ਆਈ ਖ਼ਰੀਦ ਦਾ ਕੰਮ ਹੁਣ ਦੋ ਤਿੰਨ ਦਿਨ ਹੋਰ ਚੱਲਣ ਦੇ ਆਸਾਰ ਹਨ। ਮੁਕਤਸਰ ਦੇ ਬਰੀਵਾਲਾ ਇਲਾਕੇ ਵਿੱਚ ਗੜੇਮਾਰੀ ਹੋਣ ਦੀ ਵੀ ਸੂਚਨਾ ਹੈ। ਇਵੇਂ ਹੀ ਹਰਿਆਣਾ ਦੇ ਪੰਜ ਛੇ ਜ਼ਿਲ੍ਹਿਆਂ ’ਚ ਵੀ ਇਕੋ ਵੇਲੇ ਮੀਂਹ ਪਿਆ। ਹਾਲਾਂਕਿ ਪੰਜਾਬ ਹਰਿਆਣਾ ਦੇ ਇਨ੍ਹਾਂ ਖ਼ਿੱਤਿਆਂ ਵਿੱਚ ਦੋ ਤੋਂ ਚਾਰ ਐਮ.ਐਮ ਵਰਖਾ ਹੋਈ ਪਰ ਤੇਜ਼ ਤੂਫ਼ਾਨ ਨੇ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਚੌਕਸ ਕੀਤਾ ਹੈ ਕਿ ਆਉਂਦੇ 48 ਤੋਂ 72 ਘੰਟਿਆਂ ਦਰਮਿਆਨ ਇਸੇ ਤਰ੍ਹਾਂ ਹੀ ਹਨੇਰੀ ਤੇ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਕਰੀਬ 4 ਵਜੇ ਬਾਰਿਸ਼ ਸ਼ੁਰੂ ਹੋਈ ਤੇ ਦੋ ਘੰਟੇ ਕਿਤੇ ਦਰਮਿਆਨੀ ਵਰਖਾ ਹੋਈ ਅਤੇ ਕਿਤੇ ਭਰਵਾਂ ਮੀਂਹ ਵੀ ਪਿਆ। ਸੜਕਾਂ ਅਤੇ ਨਹਿਰਾਂ ਦੇ ਕੰਢੇ ਖੜ੍ਹੇ ਦਰੱਖਤਾਂ ਦੇ ਟੁੱਟੇ ਟਾਹਣੇ ਦੇਰ ਸ਼ਾਮ ਆਵਾਜਾਈ ਵਿੱਚ ਵਿਘਨ ਦਾ ਕਾਰਨ ਵੀ ਬਣੇ ਹਨ। ਨਰਮਾ ਪੱਟੀ ਵਿੱਚ ਕਿਸਾਨ ਨਰਮੇ ਦੀ ਬਿਜਾਈ ਦੀ ਤਿਆਰੀ ਵਿੱਚ ਸਨ।

ਪੰਜਾਬ ਭਰ ਵਿੱਚ ਕਰੀਬ 20 ਫੀਸਦੀ ਕਣਕ ਦੀ ਫਸਲ ਦੀ ਵਾਢੀ ਹਾਲੇ ਰਹਿੰਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਫਰੀਦਕੋਟ, ਬਰਨਾਲਾ, ਮਾਨਸਾ, ਮੁਕਤਸਰ, ਬਠਿੰਡਾ ਤੋਂ ਇਲਾਵਾ ਮਾਝੇ ਦੇ ਤਰਨਤਾਰਨ ਦੇ ਇਲਾਕੇ ਵਿੱਚ ਬਾਰਿਸ਼ ਪੈਣ ਦੀਆਂ ਖ਼ਬਰਾਂ ਹਨ। ਬਿਜਲੀ ਸਪਲਾਈ ਵੀ ਕਈ ਘੰਟੇ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਹਰਿਆਣਾ ਦੇ ਭਿਵਾਨੀ, ਸਿਰਸਾ, ਰੋਹਤਕ, ਕੈਥਲ ਅਤੇ ਫਤਿਆਬਾਦ ਵਿੱਚ ਮੀਂਹ ਪਿਆ ਹੈ। ਮਾਨਸਾ, ਬਠਿੰਡਾ ਤੇ ਮੁਕਤਸਰ ਵਿੱਚ ਸਬਜ਼ੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ (ਮਾਨਸਾ) ਦੇ ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਕਰਕੇ ਸ਼ਿਮਲਾ ਮਿਰਚ ਅਤੇ ਟਮਾਟਰ ਦੀ ਫ਼ਸਲ ਨੁਕਸਾਨੀ ਗਈ ਹੈ। ਕਈ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਵੀ ਕਰੰਡ ਹੋ ਗਈ ਹੈ।