India

ਮਿਲੋ ਇਸ ਚੜ੍ਹਦੀਕਲਾ ਵਾਲੇ ਸਿੱਖ ਨੂੰ,ਜਿਸਨੇ ਦੰਗਿਆਂ ਦੌਰਾਨ ਦਰਜਨਾਂ ਮੁਸਲਮਾਨਾਂ ਨੂੰ ਬਚਾਇਆ

ਚੰਡੀਗੜ੍ਹ- ਹਫਿੰਗਟਨਪੋਸਟ ਦੀ ਰਿਪੋਰਟ ਮੁਤਾਬਿਕ 24 ਫਰਵਰੀ ਨੂੰ, 1984 ਦੇ ਸਿੱਖ ਕਤਲੇਆਮ ਤੋਂ ਬਾਅਦ ਦਿੱਲੀ ਵਿੱਚ ਆਈ ਸਭ ਤੋਂ ਭਿਆਨਕ ਫਿਰਕੂ ਹਿੰਸਾ ਵਜੋਂ, ਮਹਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਨੇ ਇੱਕ ਬੁਲੇਟ ਮੋਟਰਸਾਈਕਲ ਅਤੇ ਸਕੂਟੀ ਦੀ ਵਰਤੋਂ ਕਰਦਿਆਂ ਆਪਣੇ ਮੁਸਲਿਮ ਗੁਆਂਢੀਆਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ।ਇਨ੍ਹਾਂ ਪਿਤਾ ਅਤੇ ਪੁੱਤਰ ਦੀ ਜੋੜੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਸੀ ਕਿ ਉੱਤਰ ਪੂਰਬੀ ਦਿੱਲੀ ਦੇ ਗੋਕਲਪੁਰੀ ਵਿੱਚ ਸਥਿਤੀ ਕੰਟਰੋਲ ਤੋਂ ਬਾਹਰ ਹੋ ਰਹੀ ਹੈ ਅਤੇ ਉਨ੍ਹਾਂ ਨੇ ਆਪਣੇ ਘਬਰਾ ਗਏ ਗੁਆਂਢੀਆਂ ਨੂੰ ਇੱਕ ਕਿਲੋਮੀਟਰ ਦੂਰ ਕਰਦਮਪੁਰੀ ਦੇ ਨਜ਼ਦੀਕੀ ਮੁਸਲਮਾਨ ਇਲਾਕੇ ਵਿਚ ਲਿਜਾਣਾ ਸ਼ੁਰੂ ਕਰ ਦਿੱਤਾ ਸੀ।

ਮਹਿੰਦਰ ਸਿੰਘ (53) ਨੇ ਦੱਸਿਆ ਕਿ ਉਸ ਦਾ ਲੜਕਾ ਬੁਲੇਟ ਮੋਟਰਸਾਈਕਲ ‘ਤੇ ਸੀ ਅਤੇ ਉਹ ਸਕੂਟੀ ‘ਤੇ ਸੀ ਅਤੇ ਉਨ੍ਹਾਂ ਨੇ ਇੱਕ ਘੰਟੇ ਵਿੱਚ ਗੋਕਲਪੁਰੀ ਤੋਂ ਕਰਦਮਪੁਰੀ ਤੱਕ ਤਕਰੀਬਨ 20 ਵਾਰ ਗੇੜੇ ਲਾਏ। ਉਨ੍ਹਾਂ ਕਿਹਾ ਕਿ ਜਦੋਂ ਉਹ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਜਾਂਦੇ ਸਨ ਤਾਂ ਉਨ੍ਹਾਂ ਨੇ ਇੱਕ ਵਾਰ ਵਿੱਚ ਤਿੰਨ ਤੋਂ ਚਾਰ ਵਿਅਕਤੀ ਆਪਣੇ ਮੋਟਰਸਾਈਕਲ ਤੇ ਸਕੂਟੀ ‘ਤੇ ਬਿਠਾ ਲਏ ਸਨ ਅਤੇ ਜਦੋਂ ਉਹ ਆਦਮੀ ਅਤੇ ਮੁੰਡਿਆਂ ਨੂੰ ਲੈ ਕੇ ਜਾਂਦੇ ਸਨ ਤਾਂ ਉਹ ਇੱਕ ਵਾਰ ਵਿਚ ਦੋ ਜਾਂ ਤਿੰਨ ਵਿਅਕਤੀਆਂ ਨੂੰ ਲੈ ਕੇ ਜਾਂਦੇ ਸਨ। ਕੁੱਝ ਮੁੰਡਿਆਂ ਨੂੰ  ਉਨ੍ਹਾਂ ਨੇ ਪੱਗਾਂ ਵੀ ਬੰਨ੍ਹੀਆਂ ਸਨ ਤਾਂ ਕਿ ਉਹ ਮੁਸਲਮਾਨ ਨਾ ਲੱਗ ਸਕਣ ਤੇ ਸੁਰੱਖਿਅਤ ਜਗ੍ਹਾ ‘ਤੇ ਜਾ ਸਕਣ।

ਮਹਿੰਦਰ ਸਿੰਘ ਨੇ ਕਿਹਾ ਕਿ ਮੈਂ ਹਿੰਦੂ ਜਾਂ ਮੁਸਲਮਾਨ ਨਹੀਂ ਵੇਖਿਆ। ਉਨ੍ਹਾਂ ਕਿਹਾ “ਮੈਂ ਬਸ ਲੋਕਾਂ ਨੂੰ ਵੇਖਿਆ। ਮੈਂ ਛੋਟੇ ਬੱਚਿਆਂ ਨੂੰ ਵੇਖਿਆ। ਮੈਂ ਮਹਿਸੂਸ ਕੀਤਾ ਜਿਵੇਂ ਉਹ ਮੇਰੇ ਬੱਚੇ ਸਨ ਅਤੇ ਉਨ੍ਹਾਂ ਨਾਲ ਕੁੱਝ ਨਹੀਂ ਵਾਪਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਇਹ ਇਸ ਲਈ ਕੀਤਾ ਕਿਉਂਕਿ ਸਾਨੂੰ ਸਾਰਿਆਂ ਨੂੰ ਮਾਨਵਤਾ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਮਹਿੰਦਰ ਸਿੰਘ ਇਲੈਕਟ੍ਰਾਨਿਕਸ ਸਟੋਰ ਚਲਾਉਂਦੇ ਹਨ ਅਤੇ ਦੋ ਬੱਚਿਆਂ ਦੇ ਪਿਤਾ ਹਨ। ਅਸੀਂ ਮਨੁੱਖਤਾ ਅਤੇ ਆਪਣੇ 10 ਗੁਰੂਆਂ ਦਾ ਸਤਿਕਾਰ ਕਰਨ ਲਈ ਅਜਿਹਾ ਕੀਤਾ ਜਿਸਦਾ ਕੇਂਦਰੀ ਸੰਦੇਸ਼ ਇਹ ਹੈ ਕਿ ਸਾਨੂੰ ਸਾਰਿਆਂ ਦੀ ਖੁਸ਼ਹਾਲੀ ਲਈ ਕੰਮ ਕਰਨਾ ਚਾਹੀਦਾ ਹੈ।

ਗੋਕਲਪੁਰੀ ਵਿੱਚ ਦੰਗਿਆਂ ਦੇ ਤਿੰਨ ਦਿਨਾਂ ਵਿੱਚ ਸਭ ਤੋਂ ਭਿਆਨਕ ਹਿੰਸਾ ਵੇਖੀ ਗਈ, ਜਿਸ ਕਾਰਨ 42 ਦੇ ਕਰੀਬ ਲੋਕ ਮਾਰੇ ਗਏ ਹਨ। ਇੱਥੇ ਮੁਸਲਿਮ ਦੁਕਾਨਾਂ, ਮਕਾਨ ਅਤੇ ਇੱਕ ਮਸਜਿਦ ਨੂੰ ਸਾੜਿਆ ਗਿਆ ਅਤੇ ਲੁੱਟਿਆ ਗਿਆ। ਜੋ ਮੁਸਲਮਾਨ ਭੱਜ ਗਏ ਸਨ,ਉਹ ਅਜੇ ਵਾਪਸ ਨਹੀਂ ਆਏ। ਮਹਿੰਦਰ ਸਿੰਘ ਨੇ ਕਿਹਾ, “ਮੈਂ 1984 ਦੇ ਨਰਕ ਵਿੱਚੋਂ ਲੰਘਿਆ ਸੀ। “ਉਹ ਯਾਦਾਂ ਹੁਣ ਮੁੜ ਸੁਰਜੀਤ ਹੋ ਗਈਆਂ ਹਨ।”ਮਹਿੰਦਰ ਸਿੰਘ ਨੇ ਦੱਸਿਆ ਕਿ 27 ਫਰਵਰੀ ਨੂੰ ਗੋਕਲਪੁਰੀ ਮਾਰਕੀਟ ਵਿੱਚ ਬਹੁਤ ਘੱਟ ਦੁਕਾਨਾਂ ਖੁੱਲੀਆਂ ਸਨ, ਪੰਜ ਦਿਨਾਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਕਪਿਲ ਮਿਸ਼ਰਾ ਨੇ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਦਾ ਵਿਰੋਧ ਕਰਨ ਵਾਲੇ ਲੋਕਾਂ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦਿੱਤਾ ਸੀ, ਜਿਸ ਨੂੰ ਹੁਣ ਹਿੰਸਾ ਦਾ ਕਾਰਨ ਮੰਨਿਆ ਜਾਂਦਾ ਹੈ। ਮਹਿੰਦਰ ਸਿੰਘ ਨੇ 27 ਫਰਵਰੀ ਨੂੰ ਹੋਏ ਦੰਗਿਆਂ ਤੋਂ ਬਾਅਦ ਪਹਿਲੀ ਵਾਰ ਆਪਣਾ ਇਲੈਕਟ੍ਰਾਨਿਕ ਸਟੋਰ ਖੋਲ੍ਹਿਆ ਸੀ।

24 ਫਰਵਰੀ ਨੂੰ ਸ਼ਾਮ ਦੇ ਪੰਜ ਵਜੇ ਦੇ ਕਰੀਬ ਜਦੋਂ ਗੋਕਲਪੁਰੀ ਵਿੱਚ ਤਣਾਅ ਵਧਿਆ, ਮਹਿੰਦਰ ਸਿੰਘ ਨੇ ਕਿਹਾ ਕਿ ਉਸ ਸ਼ਾਮ ਉਸ ਦੇ ਗੁਆਂਢੀਆਂ ਦੇ ਘਰ ਸਾਹਮਣੇ ਲੋਕਾਂ ਵੱਲੋਂ ਜੈ ਸ਼੍ਰੀ ਰਾਮ ਕਹਿੰਦਿਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਅਤੇ “ਗੱਦਾਰਾਂ” ਨੂੰ ਗੋਲੀ ਮਾਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਗਈ। ਗੋਕਲਪੁਰੀ ਦੇ ਮੁਸਲਮਾਨ ਘਬਰਾ ਗਏ ਅਤੇ ਉਨ੍ਹਾਂ ਦੀ ਸਥਾਨਕ ਮਸਜਿਦ- ਜਾਮੀਆ ਅਰਬ ਮਦੀਨਤੁਲ ਉਲੂਮ ਮਸਜਿਦ ਵਿਖੇ ਉਹ ਇਕੱਠੇ ਹੋਏ – ਜਿਸਨੂੰ ਅੱਗ ਲਗਾ ਦਿੱਤੀ ਗਈ ਸੀ।

ਮਹਿੰਦਰ ਸਿੰਘ ਨੇ ਕਿਹਾ ਕਿ ਉਸਨੇ ਉਨ੍ਹਾਂ ਨੂੰ ਸੁਰੱਖਿਆ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਉਣ ਬਾਰੇ ਕਿਹਾ। ਸਥਿਤੀ ਨੂੰ ਵਿਗੜਦਿਆਂ ਵੇਖ ਕੇ ਪਿਤਾ ਅਤੇ ਪੁੱਤਰ ਨੇ ਫੈਸਲਾ ਲਿਆ ਕਿ ਪਾਰਕਿੰਗ ਤੋਂ ਆਪਣੀ ਕਾਰ ਲੈਣ ਦਾ ਕੋਈ ਸਮਾਂ ਨਹੀਂ ਹੈ,ਉਨ੍ਹਾਂ ਨੂੰ ਆਪਣੇ ਮੋਟਰਸਾਈਕਲ ਅਤੇ ਸਕੂਟੀ ਨਾਲ ਕੰਮ ਕਰਨਾ ਪਏਗਾ।  ਜਦੋਂ ਸਿੰਘ ਆਪਣੇ ਮੁਸਲਿਮ ਗੁਆਂਢੀਆਂ ਨੂੰ ਕਰਦਮਪੁਰੀ ਛੱਡਣ ਤੋਂ ਬਾਅਦ ਗੋਕਲਪੁਰੀ ਵਾਪਸ ਪਰਤਿਆ, ਤਾਂ ਦੰਗਾ ਤੇਜ਼ ਹੋ ਗਿਆ ਸੀ। ਉਸਨੇ ਦੰਗਾਕਾਰੀਆਂ ਨੂੰ ਮੁਸਲਮਾਨ ਦੀ ਇੱਕ ਦੁਕਾਨ ਨੂੰ ਸਾੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ,ਪਰ ਉਨ੍ਹਾਂ ਨੇ ਉਸ ਦੀ ਨਹੀਂ ਸੁਣੀ।

ਗੋਕਲਪੁਰੀ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਦੋ ਦਿਨਾਂ ਵਿੱਚ ਲੁੱਟਿਆ ਗਿਆ ਅਤੇ ਸਾੜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੰਗਾਕਾਰੀ ਮੋਦੀ ਪੱਖੀ ਨਾਅਰੇ ਲਗਾ ਰਹੇ ਸਨ। ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਲੋਕਾਂ(ਦੰਗਾਕਾਰੀਆਂ) ਨੂੰ ਅਵਾਜ਼ ਮਾਰਦਿਆਂ ਸੁਣਿਆ ਹੈ ਕਿ ਉਸਨੇ ਮੁਸਲਮਾਨਾਂ ਨੂੰ ਬਚਾ ਕੇ ਸਹੀ ਕੰਮ ਨਹੀਂ ਕੀਤਾ। “ਅਸੀਂ ਉਨ੍ਹਾਂ ਦੀਆਂ ਲੁੱਟਾਂ-ਖੋਹਾਂ ਅਤੇ ਸਾੜਨ ਦੀਆਂ ਯੋਜਨਾਵਾਂ ਦੇ ਰਾਹ ਪੈ ਗਏ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਡਰ ਹੈ ਕਿ ਸਾਨੂੰ ਅਗਲਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।