‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਤੌਰ ‘ਤੇ ਮਾਸਕ ਦੀ ਵਰਤੋਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨਾਲ ਹੀ ਪੁਲਿਸ ਨੂੰ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਚਲਾਨ ਕੱਟੇ ਜਾਣ। ਸੂਬੇ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਕੀਤੀ ਗਈ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਨਾਗਰਿਕ ਘਰ ਤੋਂ ਬਾਹਰ ਨਿਕਲਣ ਲੱਗਿਆਂ ਮਾਸਕ ਦੀ ਵਰਤੋਂ ਜ਼ਰੂਰ ਕਰੇ ਅਤੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ। ਮਾਲ ਵਿਭਾਗ ਦੇ ਅਧਿਕਾਰੀ ਦੀ ਮੌਤ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕੋਵਿਡ-19 ਖਿਲਾਫ਼ ਮੂਹਰਲੀ ਕਤਾਰ ਵਿੱਚ ਡਟੇ ਮੁਲਾਜ਼ਮਾਂ, ਜਿਨ੍ਹਾਂ ਵਿੱਚ ਸਿਹਤ ਖਤੀਬਾੜੀ, ਪੁਲਿਸ ਤੇ ਮਾਲ ਵਿਭਾਗ ਦਾ ਸਟਾਫ਼ ਸ਼ਾਮਲ ਹੈ, ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਸਖ਼ਤ ਹਦਾਇਤਾਂ ਦਿੱਤੀਆ ਹਨ।
ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪੀਪੀਈ ਕਿੱਟਾ ਮੁਹੱਈਆਂ ਕਰਵਾਉਣ ਦੇ ਨਾਲ ਹੋਰ ਜ਼ਰੂਰੀ ਇਹਤਿਆਤੀ ਕਦਮ ਵੀ ਚੁੱਕੇ ਜਾਣ। ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਅਜਿਹੇ ਉਪਕਰਨਾਂ ਦੀ ਕੋਈ ਕਮੀ ਨਹੀਂ ਹੈ ਅਤੇ ਫਰੰਟ ਲਾਈਨ ‘ਤੇ ਕੰਮ ਕਰ ਰਹੇ ਸਾਰੇ ਸਰਕਾਰੀ ਕਰਮੀਆਂ ਤੇ ਸਟਾਫ਼ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 4.5 ਲੱਖ ਪੀ.ਪੀ.ਈ. ਕਿੱਟਾਂ ਦਾ ਆਰਡਰ ਦੇ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ 26,500 ਮਿਲ ਗਈਆਂ ਹਨ ਅਤੇ 30,000 ਹੋਰ ਦੀ ਹੁਣ ਜਾਂ ਅਗਲੇ ਹਫ਼ਤੇ ਆਉਣ ਦੀ ਸੰਬਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਸਕ ਤੇ ਦਸਤਾਨਿਆਂ ਦਾ ਸਟਾਕ ਪਿਆ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਤਰਜੀਹ ਜ਼ਿੰਦਗੀਆਂ ਬਚਾਉਣਾ ਹੈ। ਕੈਪਟਨ ਨੇ ਸਿਹਤ ਵਿਭਾਗ ਨੂੰ ਸੂਬੇ ਦੇ ਸਾਰੇ ਸੀਮਤ ਕੀਤੰ 24 ਜੋਨਾਂ ਵਿੱਚ ਰੈਪਿਡ ਟੈਸਟਿੰਗ ਦੀ ਮੁਹਿੰਮ ਵਿੱਢਣ ਲਈ ਕਿਹਾ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਲੰਘੇ ਦਿਨੀਂ 1000 ਕਿੱਟਾਂ ਨਾਲ 527 ਰੈਪਿਡ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 7 ਪਾਜ਼ੀਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਇਹ ਟੈਸਟ ਜਲੰਧਰ ਅਤੇ ਐੱਸ.ਏ.ਐੱਸ. ਨਗਰ ਵਿੱਚ ਕੀਤੇ ਜਾ ਰਹੇ ਹਨ। ਪਾਜ਼ੀਟਿਵ ਕੇਸਾਂ ਪੁਸ਼ਟੀ ਲਈ ਇਨ੍ਹਾਂ ਨੂੰ ਆਰ.ਟੀ.ਪੀ.ਸੀ.ਆਰ. ਟੈਸਟਿੰਗ ਲਈ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਮੁਹਾਲੀ ਤੋਂ ਇੱਕ ਕੇਸ ਟੈਸਟ ਨੈਗੇਟਿਵ ਆਇਆ ਹੈ ਜਦਕਿ ਬਾਕੀਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਕੋਲ 1900 ਆਕਸੀਜ਼ਨ ਸਿਲੰਡਰ ਮੌਜੂਦ ਹਨ ਜਦਕਿ 1200 ਹੋਰ ਦਾ ਵੱਖ-ਵੱਖ ਏਜੰਸੀਆਂ ਕੋਲੋਂ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2000 ਹੋਰ ਸਿਲੰਡਰਾਂ ਨੂੰ ਖ਼ਰੀਦਣ ਦੀ ਤਜਵੀਜ਼ ਹੈ। ਇਸ ਲਈ ਕੌਮੀ ਸਿਹਤ ਮਿਸ਼ਨ ਨੂੰ ਤਜਵੀਜ਼ ਭੇਜ ਦਿੱਤੀ ਗਈ ਹੈ। ਸਿਹਤ ਸੱਕਤਰ ਅਨੁਰਾਗ ਆਗਰਵਾਲ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੈਂਟੀਲੇਟਰਾਂ ਦੀ ਗਿਣਤੀ 102 ਤੋਂ ਵਧਾ ਕੇ 220 ਕਰ ਦਿੱਤੀ ਗਈ ਹੈ।