‘ਦ ਖ਼ਾਲਸ ਬਿਊਰੋ :- ਨਾਂਦੇੜ ਸਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ। ਫਿਰ ਤੋਂ ਕੈਪਟਨ ਸਰਕਾਰ ਨੇ ਮਹਾਂਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ, ਅਸ਼ੋਕ ਚਵਾਨ ਦੇ ਉਸ ਬਿਆਨ ਦਾ ਕਰੜੇ ਸ਼ਬਦਾਂ ਵਿੱਚ ਖੰਡਨ ਕਰਦੇ ਹੋਏ ਕਿਹਾ ਕਿ ਸ਼ਾਇਦ ਨੰਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੰਜਾਬ ਦੇ ਡਰਾਈਵਰਾਂ ਨੇ ਲਾਗ ਲਗਾਈ ਹੋਵੇ। ਜਦਕਿ ਪੰਜਾਬ ਦੀ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਅਸ਼ੋਕ ਚਵਾਨ ਦੇ ਬਿਆਨ ਨੂੰ ਗੁੰਮਰਾਹਕੁੰਨ ਤੇ ਤੱਥਾਂ ਤੋਂ ਸੱਖਣਾ ਕਰਾਰ ਦਿੱਤਾ ਹੈ।

ਰਜ਼ੀਆ ਸੁਲਤਾਨਾ ਨੇ ਅਸ਼ੋਕ ਚਵਾਨ ਦੇ ਬਿਆਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸੰਵਿਧਾਨਕ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਗੈਰ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਤੇ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਕੋਈ ਬਿਆਨ ਨਹੀਂ ਦੇਣਾ ਚਾਹੀਦਾ। ਸੁਲਤਾਨਾ ਨੇ ਖੁਲਾਸਾ ਕੀਤਾ ਕਿ ਅਸਲ ਵਿੱਚ 31 ਵਾਹਨਾਂ ਦਾ ਪਹਿਲਾ ਜੱਥਾ, ਜੋ ਸ਼੍ਰੀ ਨਾਂਦੇੜ ਸਾਹਿਬ ਤੋਂ ਪੰਜਾਬ ਦੇ 860 ਸ਼ਰਧਾਲੂ ਲੈ ਕੇ ਆਇਆ ਸੀ, ਉਹ ਮਹਾਂਰਾਸ਼ਟਰ ਦੇ ਵਾਹਨ ਤੇ ਡਰਾਈਵਰ ਸੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਪਹਿਲੇ ਤਿੰਨ ਸਮੂਹ ਜੋ ਨਿੱਜੀ ਬੱਸਾਂ ਰਾਹੀਂ ਆਏ ਸੀ, ਉਨ੍ਹਾਂ ਦਾ ਪ੍ਰਬੰਧ ਸ਼੍ਰੀ ਨਾਂਦੇੜ ਸਾਹਿਬ ਵੱਲੋਂ ਕੀਤਾ ਗਿਆ ਸੀ।

ਉਸ ਨੇ ਦੱਸਿਆ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਟਰੱਸਟ ਵੱਲੋਂ ਭੇਜੀਆਂ ਗਈਆਂ 7 ਬੱਸਾਂ ਦੇ ਪਹਿਲੇ ਜੱਥੇ ਨੇ 23 ਅਪ੍ਰੈਲ ਦੀ ਰਾਤ ਨੂੰ ਪੰਜਾਬ ਲਈ ਆਪਣੀ ਯਾਤਰਾ ਸ਼ੁਰੂ ਕੀਤੀ। 11 ਟੈਂਪੂ ਦਾ ਦੂਜਾ ਜੱਥਾ 24 ਅਪ੍ਰੈਲ ਦੇਰ ਰਾਤ ਨੂੰ ਪੰਜਾਬ ਤੋਂ ਗਿਆ ਤੇ 26 ਅਪ੍ਰੈਲ ਨੂੰ ਦੇਰ ਰਾਤ ਪੰਜਾਬ ਪਹੁੰਚਿਆ। ਇਸੇ ਤਰ੍ਹਾਂ 13 ਬੱਸਾਂ ਦੇ ਤੀਸਰੇ ਜੱਥੇ ਨੇ ਸ਼ਰਧਾਲੂਆਂ ਨੂੰ ਲੈ ਕੇ 25 ਅਪ੍ਰੈਲ ਦੇਰ ਰਾਤ ਤੇ 26 ਅਪ੍ਰੈਲ ਨੂੰ ਸਵੇਰੇ ਸ਼੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਦੀ ਯਾਤਰਾ ਸ਼ੁਰੂ ਕੀਤੀ, ਇਹ ਬੱਸਾਂ 27 ਅਪ੍ਰੈਲ ਦੇਰ ਰਾਤ ਤੇ 28 ਅਪ੍ਰੈਲ ਨੂੰ ਸਵੇਰੇ ਪੰਜਾਬ ਪਹੁੰਚੀਆਂ।

ਇਹ ਤੱਥ ਦੱਸਦੇ ਹਨ ਕਿ ਸ਼੍ਰੀ ਨਾਂਦੇੜ ਸਾਹਿਬ ਤੋਂ ਆਉਣ ਸ਼ਰਧਾਲੂਆਂ ਦਾ ਪਹਿਲਾ ਜੱਥਾ ਕੁੱਝ ਪ੍ਰਾਈਵੇਟ ਬੱਸਾਂ ਵਾਹਨਾਂ ਦਾ ਸੀ ਤੇ ਇਨ੍ਹਾਂ ਨਿੱਜੀ ਵਾਹਨਾਂ ‘ਚ ਸਵਾਰ ਯਾਤਰੀਆਂ ਨੇ ਸਕਾਰਾਤਮਕ ਜਾਂਚ ਕੀਤੀ ਸੀ ਜਿਸ ‘ਚ ਨਾਂਦੇੜ ਨਾਲ ਸਬੰਧਤ ਇੱਕ ਡਰਾਈਵਰ ਵੀ ਸ਼ਾਮਲ ਸੀ। ਦੱਸ ਦਈਏ ਕਿ ਮਹਾਂਰਾਸ਼ਟਰ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਅਸ਼ੋਕ ਚਵਾਨ ਨੇ ਕੁੱਝ ਮੀਡੀਆ ਪਲੇਟਫਾਰਮਸ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਮਹਾਂਰਾਸ਼ਟਰ ਦੇ ਨਾਂਦੇੜ ਦੇ ਗੁਰਦੁਆਰੇ ਤੋਂ ਸ਼ਰਧਾਲੂਆਂ ਨੂੰ ਬੱਸਾਂ ਵਿੱਚ ਲੈ ਕੇ ਜਾਣ ਵਾਲੇ ਪੰਜਾਬ ਦੇ ਡਰਾਈਵਰਾਂ ਦੀ ਸੰਭਾਵਨਾ ਹੈ। ਉਨ੍ਹਾਂ ਕਰਕੇ ਕੋਰੋਨਾਵਾਇਰਸ ਦੇ ਸੰਕਰਮਣ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।